ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਵਿਦਿਅਕ ਸੰਸਥਾਵਾਂ ਅਤੇ ਹਸਪਤਾਲ ਨੇੜੇ ਵਾਹਨਾਂ ਦੀ ਸਪੀਡ ਲੀਮਟ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰ ਦਿੱਤੀ ਹੈ। ਇਹਨਾਂ ਹੁਕਮਾਂ ਮੁਤਾਬਿਕ ਹੁਣ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਨੇੜੇ ਗੱਡੀਆਂ ਨੂੰ ਇਸ ਸਪੀਡ ਨਾਲ ਹੀ ਚਲਾਉਣੀ ਪਵੇਗੀ। ਪ੍ਰਸ਼ਾਸਨ ਨੇ ਸਬੰਧਿਤ ਵਿਭਾਗ ਨੂੰ ਸਕੂਲਾਂ,ਕਾਲਜਾਂ ਅਤੇ ਹਸਪਤਾਲਾਂ ਬਾਹਰ ਸਪੀਡ ਲੀਮਿਟ ਦੇ ਬੋਰਡ ਅਤੇ ਇਸ਼ਾਰੇ ਜਲਦ ਤੋਂ ਜਲਦ ਲਾਉਣ ਦੇ ਵੀ ਹੁਕਮ ਦਿੱਤੇ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਜਲਦੀ ਹੀ ਸੜਕਾਂ ਦਾ ਪੈਚਵਰਕ ਕਰਨ ਦੇ ਪੁਰਾਣੇ ਝੰਜਟ ਤੋਂ ਛੁਟਕਾਰਾ ਪਾ ਲਵੇਗਾ ਕਿਉਂਕਿ ਜਲਦੀ ਹੀ ਸ਼ਹਿਰ ਦੀਆਂ ਸੜਕਾਂ ਦਾ ਪੈਚਵਰਕ ਮਸ਼ੀਨਾਂ ਰਾਹੀਂ ਹੀ ਕੀਤਾ ਜਾਵੇਗਾ। ਨਿਗਮ 1.99 ਕਰੋੜ ਰੁਪਏ ਦੀ ਲਾਗਤ ਨਾਲ ਜੈੱਟ ਪੈਚਰ ਮਸ਼ੀਨ ਕਿਰਾਏ ’ਤੇ ਲੈਣ ਜਾ ਰਿਹਾ ਹੈ, ਜੋ ਕੋਲਡ ਮਿਕਸ ਪੋਟ ਹੋਲ ਪੈਚਿੰਗ ਤਕਨੀਕ ਰਾਹੀਂ ਸੜਕਾਂ ਦਾ ਪੈਚਵਰਕ ਕਰੇਗੀ। ਜੇਕਰ ਮਸ਼ੀਨ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਪੂਰੇ ਸ਼ਹਿਰ 'ਚ ਹੀ ਇਸ ਸਿਸਟਮ ਰਾਹੀਂ ਸੜਕਾਂ ਦਾ ਪੈਚਵਰਕ ਕੀਤਾ ਜਾਵੇਗਾ। ਇਸ ਸਬੰਧੀ ਮੁੱਖ ਇੰਜੀਨੀਅਰ ਐੱਨ. ਪੀ. ਸ਼ਰਮਾ ਨੇ ਦੱਸਿਆ ਕਿ ਉਹ ਸੜਕਾਂ ਦੇ ਪੈਚਵਰਕ ਲਈ ਹੀ ਨਵਾਂ ਸਿਸਟਮ ਸ਼ੁਰੂ ਕਰਨ ਜਾ ਰਹੇ ਹਨ, ਜਿਸ 'ਚ ਘੱਟ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਉਹ ਇਕ ਮਸ਼ੀਨ ਕਿਰਾਏ ’ਤੇ ਲੈਣ ਜਾ ਰਹੇ ਹਨ, ਜਿਸ ਰਾਹੀਂ ਸੜਕਾਂ ਦਾ ਪੈਚਵਰਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਸ਼ੀਨ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਜਲਦੀ ਹੀ ਸਾਰੇ ਇਲਾਕੇ ਨੂੰ ਕਵਰ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਪੈਚਵਰਕ ਲਈ ਮੁਲਾਜ਼ਮਾਂ ਨੂੰ ਲਾਇਆ ਜਾਂਦਾ ਸੀ ਪਰ ਨਵੀਂ ਪ੍ਰਣਾਲੀ ਰਾਹੀਂ ਹੋਰ ਮਜ਼ਦੂਰਾਂ ਦੀ ਲੋੜ ਨਹੀਂ ਪਵੇਗੀ। ਨਾਲ ਹੀ ਪੂਰੇ ਵਾਰਡ ਨੂੰ ਨਾਲੋ-ਨਾਲ ਕਵਰ ਕੀਤਾ ਜਾਵੇਗਾ। ਮਸ਼ੀਨ ਰਾਹੀਂ ਪਹਿਲਾਂ ਪ੍ਰੈਸ਼ਰ ਨਾਲ ਸੜਕ ਦੀ ਸਫਾਈ ਕੀਤੀ ਜਾਂਦੀ ਹੈ ਅਤੇ ਫਿਰ ਖੱਡੇ ਵਿਚ ਬਰੀਕ ਬੱਜਰੀ ਪਾ ਕੇ ਮਿਸ਼ਰਣ ਫੈਲਾਇਆ ਜਾਂਦਾ ਹੈ। ਇਹ ਮਸ਼ੀਨ ਫਿਰ ਰੋਲਰ ਦਾ ਕੰਮ ਵੀ ਕਰਦੀ ਹੈ। ਰੋਲਰ ਰਾਹੀਂ ਸੜਕ ਨੂੰ ਲੈਵਲ ਕਰ ਕੇ ਪੈਚਵਰਕ ਕੀਤਾ ਜਾਂਦਾ ਹੈ। ਜਾਣਕਾਰੀ ਐਪ ’ਤੇ ਅਪਡੇਟ ਕੀਤੀ ਜਾਵੇਗੀ, ਤਾਂ ਜੋ ਇਸ ਸਬੰਧੀ ਡਾਟਾ ਆਨਲਾਈਨ ਹੀ ਮੁਹੱਈਆ ਹੋ ਸਕੇ। ਇਸ ਨਾਲ ਕਿਸੇ ਵੀ ਸਮੇਂ ਰਿਕਾਰਡ ਨੂੰ ਚੈੱਕ ਕੀਤਾ ਜਾ ਸਕਦਾ ਹੈ।