ਚੰਡੀਗੜ੍ਹ: ਮੁੱਖ ਮੰਤਰੀ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਦੇ ਹੁਕਮ ਦਿੱਤੇ ਹਨ।ਉਨ੍ਹਾਂ ਜਾਰੀ ਆਦੇਸ਼ਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ 'ਚ ਤੈਨਾਤ ਅਮਲੇ ਨੂੰ ਤੁਰੰਤ ਘਟਾਇਆ ਜਾਵੇ।ਦੱਸ ਦੇਈਏ ਕਿ 23 ਸਤੰਬਰ ਨੂੰ ਕਪੂਰਥਲਾ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸੰਬੋਧਨ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਸੀ।
ਮੁੱਖ ਮੰਤਰੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ, "ਮੈਂ ਮੁੱਖ ਮੰਤਰੀ ਵਜੋਂ ਸਹੁੰ ਚੱਕਣ ਮਗਰੋਂ ਡੀਜੀਪੀ ਪੰਜਾਬ ਨੂੰ ਕਿਹਾ ਸੀ ਕਿ ਮੇਰੀ ਸੁਰੱਖਿਆ ਲਈ ਤੈਨਾਤ ਅਮਲੇ ਨੂੰ ਘਟਾਇਆ ਜਾਵੇ।ਇਸ ਬਾਬਤ ਮੇਰੇ ਵੱਲੋਂ 22 ਸਤੰਬਰ ਨੂੰ ਡੀਜੀਪੀ ਨੂੰ ਹਦਾਇਤ ਵੀ ਕੀਤੀ ਸੀ ਪਰ ਅਜੇ ਤੱਕ ਕੋਈ ਅਮਲ ਨਹੀਂ ਹੋਇਆ।"
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਸੀ ਕਿ "ਨਾ ਤਾਂ ਮੈਨੂੰ 1000 ਸੁਰੱਖਿਆ ਕਰਮਚਾਰੀਆਂ ਦੀ ਲੋੜ ਹੈ ਅਤੇ ਨਾ ਹੀ 2 ਕਰੋੜ ਦੀ ਕਾਰ ਦੀ। ਮੇਰੀ ਸੁਰੱਖਿਆ ਤੁਰੰਤ ਘੱਟ ਕਰ ਦਿੱਤੀ ਜਾਵੇ ਅਤੇ ਜਨਤਾ ਦਾ ਪੈਸਾ ਮੇਰੇ ਲਾਮ ਲਸ਼ਕਰ ਤੇ ਖਰਚ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਉੱਤੇ ਖ਼ਰਚ ਕੀਤਾ ਜਾਵੇ।" ਚੰਨੀ ਨੇ ਕਿਹਾ ਸੀ ਕਿ "ਉਹ ਇਹ ਜਾਣ ਕੇ ਹੈਰਾਨ ਹੋਏ ਕਿ ਮੇਰੇ ਦਫਤਰ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਅਚਾਨਕ ਮੇਰੇ ਸੁਰੱਖਿਆ ਲਈ 1000 ਸੁਰੱਖਿਆ ਕਰਮਚਾਰੀ ਹਨ।"
ਇਸ ਨੂੰ ਸਰਕਾਰੀ ਸਰੋਤਾਂ ਦੀ ਬੇਲੋੜੀ ਬਰਬਾਦੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ " ਜੋ ਮੇਰੇ ਆਪਣੇ ਪੰਜਾਬੀਆਂ ਦਾ ਨੁਕਸਾਨ ਕਰੇਗਾ ਉਹ ਮੇਰਾ ਵੀ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਮੈਂ ਵੀ ਉਨ੍ਹਾਂ ਵਰਗਾ ਇੱਕ ਆਮ ਆਦਮੀ ਹਾਂ।"
ਉਨ੍ਹਾਂ ਹੁਣ ਇੱਕ ਵਾਰ ਫੇਰ ਡੀਜੀਪੀ ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਚਿੱਠੀ ਲਿੱਖ ਕੇ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ।ਹੁਣ ਸਵਾਲ ਇਹ ਵੀ ਹੈ ਕਿ ਕੀ ਹੁਣ ਬਾਕੀ ਸਿਆਸਤਦਾਨਾਂ ਨੂੰ ਸ਼ਰਮ ਆਵੇਗੀ? ਕਿਉਂਕਿ ਪੰਜਾਬ ਵਿੱਚ ਪੁਲਿਸ ਸੁਰੱਖਿਆ ਇੱਕ ਸਟੇਟਸ ਸਿੰਬਲ ਹੈ।