ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਦੇ ਟਾਕਰੇ ਲਈ ਸੂਬੇ ਦੀਆਂ ਤਿਆਰੀਆਂ ਨੂੰ ਵਧਾਉਂਦੇ ਹੋਏ ਜ਼ਿਲ੍ਹੇ ਦੇ ਪਿੰਡ ਕਣਕਵਾਲ (ਤਲਵੰਡੀ ਸਾਬੋ) ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਵਰਚੂਅਲ ਤੌਰ ਉਤੇ ਉਦਘਾਟਨ ਕੀਤਾ।


ਮਹਾਮਾਰੀ ਦੀਆਂ ਭਵਿੱਖੀ ਲਹਿਰਾਂ ਨਾਲ ਨਿਪਟਣ ਲਈ ਹਸਪਤਾਲ ਦੇ ਵਿਕਾਸ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਲਈ ਐਚਪੀਸੀਐਲ-ਮਿੱਤਲ ਐਨਰਜੀ ਲਿਮਟਡ (ਐਚਐਮਈਐਲ) ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਜੰਗ ਦੇ ਸਮੇਂ ਦੌਰਾਨ ਹਰੇਕ ਚੁਣੌਤੀ ਚੋਂ ਉਭਰਨ ਲਈ ਪੰਜਾਬੀਆਂ ਦੇ ਹੌਂਸਲੇ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਜਾਦੀ ਤੋਂ ਲੈ ਕੇ ਹੋਈ ਕਿਸੇ ਵੀ ਜੰਗ ਵਿਚ ਏਨੀਆਂ ਮਨੁੱਖੀਆਂ ਜਾਨਾਂ ਨਹੀਂ ਗਈਆਂ ਜਿਨ੍ਹਾਂ ਨੁਕਸਾਨ ਇਸ ਮਹਾਮਾਰੀ ਵਿਚ ਹੋਇਆ ਹੈ। ਉਨ੍ਹਾਂ ਕਿਹਾ, “ਅਸੀਂ ਕਜੁ ਹੋ ਕੇ ਲੜੇ ਪਰ ਜੰਗ ਅਜੇ ਵੀ ਜਾਰੀ ਹੈ ਅਤੇ ਸਾਨੂੰ ਤੀਜੀ ਲਹਿਰ ਲਈ ਤਿਆਰ ਰਹਿਣਾ ਹੋਵੇਗਾ।”




ਮੁੱਖ ਮੰਤਰੀ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਬਹੁਤ ਘੱਟ ਸਮੇਂ ਵਿਚ ਇਸ ਹਸਪਤਾਲ ਦਾ ਬਣਨਾ ਮਿਸਾਲੀ ਪ੍ਰਾਪਤੀ ਹੈ। ਉਨ੍ਹਾਂ ਨੇ ਇਸ ਹਸਪਤਾਲ ਨੂੰ ਚਲਾਉਣ ਤੇ ਪ੍ਰਬੰਧਨ ਲਈ ਸਿਹਤ ਮੰਤਰਾਲੇ ਨੂੰ ਸੌਂਪਣ ਤੋਂ ਪਹਿਲਾਂ ਇਸ ਵਿਲੱਖਣ ਪ੍ਰਾਪਤੀ ਲਈ ਕੇਂਦਰੀ ਇਮਾਰਤ ਖੋਜ ਸੰਸਥਾ (ਸੀਬੀਆਰਆਈ) ਦੇ ਡਾਇਰੈਕਟਰ ਐਨ. ਗੋਪਾਲਾਕ੍ਰਿਸ਼ਨ ਦੀ ਅਗਵਾਈ ਵਾਲੀ ਤਕਨੀਕੀ ਟੀਮ ਦਾ ਧੰਨਵਾਦ ਕੀਤਾ।


ਕੇਂਦਰੀ ਇਮਾਰਤ ਖੋਜ ਸੰਸਥਾ, ਰੁੜਕੀ ਦੀ ਰਹਿਨੁਮਾਈ ਹੇਠ ਐਚਐਮਈਐਲ ਰਿਫਾਇਨਰੀ, ਬਠਿੰਡਾ ਦੀ ਮਦਦ ਨਾਲ 651.21 ਲੱਖ ਰੁਪਏ ਖਰਚ ਕੇ ਕੋਵਿਡ ਮਰੀਜ਼ਾਂ ਲਈ 100 ਬਿਸਤਰਿਆਂ ਦੀ ਸਮਰੱਥਾ ਵਾਲਾ ਹਸਪਤਾਲ ਬਣਾਇਆ ਹੈ। ਪੰਜਾਬ ਸਰਕਾਰ ਨੇ ਇਸ ਹਸਪਤਾਲ ਦੀ ਸਥਾਪਨਾ ਲਈ 4,51,21,000 ਰੁਪਏ ਰਾਜ ਆਫ਼ਤ ਪ੍ਰਬੰਧਨ ਫੰਡ ਵਿੱਚੋਂ ਅਦਾ ਕੀਤੇ ਜਦਕਿ ਐਚਐਮਈਐਲ ਰਿਫਾਇਨਰੀ, ਫੁੱਲੋਖਾਰੀ ਨੇ ਸੀਐਸਆਰ ਫੰਡਾਂ ਚੋਂ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।


ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਿਕਾਰਡ ਸਮੇਂ ਵਿੱਚ ਅਜਿਹੀ ਸੰਸਥਾ ਸਥਾਪਤ ਕੀਤੇ ਜਾਣ ਦੀ ਸ਼ਲਾਘਾ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੌਮੀ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਦ੍ਰਿੜ ਇਰਾਦੇ ਨਾਲ ਔਕੜਾਂ ਦਾ ਸਾਹਮਣਾ ਕੀਤਾ ਗਿਆ ਹੈ ਅਤੇ ਇਸ ਮੁਸ਼ਕਿਲ ਮੌਕੇ ਹਾਲਾਤ ਨਾਲ ਨਜਿੱਠਣ ਲਈ ਨੌਜਵਾਨ ਅਫਸਰ ਵਧਾਈ ਦੇ ਪਾਤਰ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਮੁਹਾਲੀ ਵਿੱਚ ਵੀ ਅਜਿਹਾ ਸੰਸਥਾਨ ਛੇਤੀ ਹੀ ਸਥਾਪਤ ਕੀਤਾ ਜਾਵੇਗਾ।




ਐਚ.ਐਮ..ਐਲ. ਦੇ ਮੁੱਖ ਕਾਰਜਕਾਰੀ ਅਫਸਰ ਪ੍ਰਭ ਦਾਸ ਨੇ ਇਸ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਏਜੰਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਬਠਿੰਡਾ ਅਤੇ ਤਲਵੰਡੀ ਸਾਬੋ ਬਲਾਕਾਂ ਦੀ ਪੇਂਡੂ ਆਬਾਦੀ ਨੂੰ ਫਾਇਦਾ ਮਿਲੇਗਾ।


ਵਰਚੂਅਲ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਏਅਰ ਕੰਡੀਸ਼ਨਡ ਹਸਪਤਾਲ ਵਿੱਚ 25 ਬਿਸਤਰੇ ਐਲ-3 ਪੱਧਰ ਅਤੇ 75 ਬਿਸਤਰੇ ਐਲ-2 ਪੱਧਰ ਦੇ ਹਨ। ਇਹ ਹਸਪਤਾਲ ਕੋਵਿਡ-19 ਦੇ ਸਭ ਪ੍ਰਕਾਰ ਦੇ ਮਰੀਜ਼ਾਂ ਦੇ ਇਲਾਜ ਲਈ ਢੁਕਵਾਂ ਹੈ। ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ ਐਕਸ-ਰੇ ਮਸ਼ੀਨਾਂ, .ਸੀ.ਜੀ., ਪਾਥ ਲੈਬ ਦੀ ਸੁਵਿਧਾ, 247 ਆਕਸੀਜਨ, ਬਿਜਲੀ, ਪਾਣੀ ਅਤੇ ਸੀਵੇਜ ਦੀ ਸੁਵਿਧਾ ਐਚ.ਐਮ..ਐਲ. ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ।


ਇਸ ਹਸਪਤਾਲ ਦਾ ਇਸਤੇਮਾਲ ਸਥਾਨਕ ਲੋਕਾਂ ਲਈ ਟੀਕਾਕਰਨ ਕੈਂਪ ਅਤੇ ਹੋਰ ਓਪੀਡੀ ਸੇਵਾਵਾਂ ਹਿੱਤ ਵੀ ਕੀਤਾ ਜਾ ਸਕਦਾ ਹੈ। ਕੋਵਿਡ ਦੇ ਮਾਮਲੇ ਵਧਣ ਦੀ ਸੂਰਤ ਵਿੱਚ ਲੋੜ ਅਨੁਸਾਰ ਐਸਡੀਆਰਐਫ ਦੇ ਫੰਡਾਂ ਵਿੱਚੋਂ ਖਰਚਾ ਕਰਕੇ ਹੋਰ ਵਿਅਕਤੀਆਂ ਦੀ ਤਾਇਨਾਤੀ ਕੀਤੀ ਜਾਵੇਗੀ।


ਇਹ ਵੀ ਪੜ੍ਹੋ: IBPS Clerk Recruitment 2021: ਆਈਬੀਪੀਐਸ ਨੇ ਗ੍ਰੈਜੂਏਟ ਨੌਜਵਾਨਾਂ ਲਈ ਕੱਢੀ ਬੰਪਰ ਭਰਤੀ, ਜਾਣੋ ਕਿਵੇਂ ਦੇਣੀ ਹੈ ਅਰਜ਼ੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904