ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟ੍ਰੇਨਾਂ ਦੇ ਮਾਮਲੇ ਨੂੰ ਲੈ ਕੇ ਉਲਝੇ ਲੱਗਦੇ ਹਨ। ਸੋਮਵਾਰ ਨੂੰ ਪਹਿਲਾਂ ਤਾਂ ਉਹਨਾਂ ਰੇਲਵੇ ਦੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਯਾਤਰੀ ਟ੍ਰੇਨਾਂ ਨਾਲ ਜੋੜਨ ਦੇ ਫੈਸਲੇ ਨੂੰ ਤਰਕਹੀਨ ਦੱਸਿਆ।ਫੇਰ ਥੋੜੀ ਹੀ ਦੇਰ ਬਾਅਦ ਕਿਸਾਨਾਂ ਨੂੰ ਯਾਤਰੀ ਟ੍ਰੇਨਾਂ ਲਈ ਵੀ ਰੇਲ ਟ੍ਰੈਕ ਖਾਲੀ ਕਰਨ ਦੀ ਅਪੀਲ ਕਰ ਦਿੱਤੀ।


ਮੁੱਖ ਮੰਤਰੀ ਨੇ ਬੀਜੇਪੀ ਤੇ ਇਹ ਦੋਸ਼ ਲਾਇਆ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਗੁੱਸੇ ਨੂੰ ਵਧਾ ਰਹੀ ਹੈ ਜੋ ਆਮ ਜਨਤਾ ਦੇ ਹਿੱਤਾਂ ਲਈ ਰੇਲ ਪਟੜੀਆਂ ਖਾਲੀ ਕਰ ਚੁੱਕੇ ਹਨ।ਕੈਪਟਨ ਅਮਰਿੰਦਰ ਸਿੰਘ ਦਾ ਅੱਜ ਰੇਲਵੇ ਤੇ ਲਹਿਜ਼ਾ ਸਖ਼ਤ ਸੀ ਪਰ ਕੁੱਝ ਹੀ ਦੇਰ ਮਗਰੋਂ ਕੈਪਟਨ ਨੇ ਕਿਸਾਨਾਂ ਨੂੰ ਯਾਤਰੀ ਟ੍ਰੇਨਾਂ ਨੂੰ ਵੀ ਰਾਹ ਦੇਣ ਦੀ ਅਪੀਲ ਕਰ ਦਿੱਤੀ।

ਕੈਪਟਨ ਨੇ ਪਹਿਲਾਂ ਕਿਹਾ ਕਿ "ਜੋ ਯਾਤਰੀ ਪੰਜਾਬ ਆਉਣਾ ਚਾਹੁੰਦੇ ਹਨ ਉਹ ਆਸ ਪਾਸ ਦੇ ਰਾਜਾਂ ਜਿਵੇਂ ਕਿ ਹਰਿਆਣਾ ਅਤੇ ਚੰਡੀਗੜ੍ਹ ਦੇ ਸਟੇਸ਼ਨਾਂ ਤੱਕ ਰੇਲ ਰਾਹੀਂ ਯਾਤਰਾ ਕਰ ਸਕਦੇ ਹਨ। ਜਿੱਥੋਂ ਉਹ ਕੁਝ ਘੰਟਿਆਂ ਵਿੱਚ ਸੜਕ ਰਾਹੀਂ ਪੰਜਾਬ ਵਿੱਚ ਆਪਣੀਆਂ ਮੰਜ਼ਿਲਾਂ ਤਕ ਪਹੁੰਚ ਸਕਦੇ ਹਨ।"

ਇਸ ਦੇ ਥੋੜੀ ਦੇਰ ਮਗਰੋਂ ਹੀ ਕੈਪਟਨ ਨੇ ਤਰਕ ਦਿੱਤਾ ਹੈ ਕਿ, "ਤਿਉਹਾਰਾਂ ਦੇ ਮੌਸਮ ਦੌਰਾਨ, ਦੂਜੇ ਰਾਜਾਂ ਵਿੱਚ ਸੈਨਿਕਾਂ ਅਤੇ ਕਰਮਚਾਰੀਆਂ ਨੂੰ ਪਰਿਵਾਰ ਕੋਲ ਪਹੁੰਚਣ ਵਿੱਚ ਮੁਸ਼ਕਲ ਆਵੇਗੀ, ਇਸ ਲਈ ਯਾਤਰੀ ਰੇਲ ਚਲਾਉਣਾ ਜ਼ਰੂਰੀ ਹੈ।"



ਦਰਅਸਲ ਐਤਵਾਰ ਨੂੰ ਕੈਪਟਨ ਅਮਰਿੰਦਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਸੀ।ਉਨ੍ਹਾਂ ਸ਼ਾਹ ਨੂੰ ਯਕੀਨ ਦਵਾਇਆ ਸੀ ਕਿ ਪੰਜਾਬ ਅੰਦਰ ਰੇਲਵੇ ਟ੍ਰੇਕ ਖਾਲੀ ਹੋ ਚੁੱਕੇ ਹਨ ਅਤੇ ਮਾਲ ਗੱਡੀਆਂ ਚਾਲੂ ਕਰਨ ਸੁੱਰਖਿਅਤ ਹੈ।ਉਨ੍ਹਾਂ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਜ਼ਮੀਨੀ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਅੰਦੋਲਨਕਾਰੀ ਕਿਸਾਨਾਂ ਨੇ ਆਪਣੇ ਵਿਰੋਧ ਪ੍ਰਦਰਸ਼ਨਾਂ ਦੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਸ਼ਾਂਤੀ ਭੰਗ ਨਹੀਂ ਕੀਤੀ ਹੈ।

ਇਹ ਭਰੋਸਾ ਲਗਾਤਾਰ ਸੂਬਾ ਸਰਕਾਰ ਕੇਂਦਰ ਨੂੰ ਦੇ ਰਹੀ ਹੈ।ਪਰ ਅਜੇ ਤੱਕ ਮੋਦੀ ਸਰਕਾਰ ਟ੍ਰੇਨਾਂ ਚਲਾਉਣ ਲਈ ਰਾਜ਼ੀ ਨਹੀਂ ਹੋਈ।ਹਰ ਦਿਨ ਕੋਈ ਨਾ ਕੋਈ ਅਪਡੇਟ ਆਉਂਦਾ ਹੈ ਪਰ ਅਜੇ ਤੱਕ ਇਹ ਖ਼ਬਰ ਨਹੀਂ ਆ ਰਹੀ ਕਿ ਕਦੋਂ ਪੰਜਾਬ 'ਚ ਰੇਲ ਸੇਵਾ ਬਹਾਲ ਹੋਵੇਗੀ।
ਰੇਲ ਸੇਵਾ ਬਹਾਲ ਕਰਵਾਉਣ ਲਈ ਪਿਛਲੇ ਚਾਰ ਦਿਨਾਂ 'ਚ ਇਹ ਹੋਇਆ

  • 8 ਨਵੰਬਰ- ਕੈਪਟਨ ਨੇ ਅਮਿਤ ਸ਼ਾਹ ਨਾਲ ਕੀਤੀ ਫੋਨ 'ਤੇ ਗੱਲ

  • 7 ਨਵੰਬਰ-ਕਾਂਗਰਸੀ ਸਾਂਸਦ ਗ੍ਰਹਿ ਮੰਤਰੀ ਤੇ ਰੇਲ ਮੰਤਰੀ ਨੂੰ ਮਿਲੇ

  • 6 ਨਵੰਬਰ- ਰੇਲਵੇ ਨੇ ਕਿਹਾ ਮਾਲ ਗੱਡੀਆਂ ਤੇ ਯਾਤਰੀ ਟ੍ਰੇਨਾਂ ਇਕੱਠੀਆਂ ਚਲਾਵਾਂਗੇ

  • 5 ਨਵੰਬਰ-ਕਾਂਗਰਸੀ ਸਾਂਸਦਾਂ ਦੀ ਰੇਲ ਮੰਤਰੀ ਨਾਲ ਬੈਠਕ ਬੇਨਤੀਜਾ ਰਹੀ; ਬੀਜੇਪੀ ਸਾਂਸਦਾਂ ਨੇ ਵੀ ਰੇਲ ਮੰਤਰੀ ਕੀਤੀ ਮੀਟਿੰਗ


ਜਾਣਕਾਰੀ ਮੁਤਾਬਿਕ ਹੁਣ 13 ਨਵੰਬਰ ਨੂੰ ਕਿਸਾਨਾਂ ਨਾਲ ਕੇਂਦਰ ਬੈਠਕ ਕਰ ਸਕਦੀ ਹੈ ਯਾਨੀ ਕਿ ਦਿਵਾਲੀ ਤੋਂ ਪਹਿਲਾਂ, ਇਸੇ ਲਈ ਕੈਪਟਨ ਕਿਸਾਨਾਂ ਨੂੰ ਸਾਰੀਆਂ ਟ੍ਰੇਨਾਂ ਲਈ ਟ੍ਰੈਕ ਖਾਲੀ ਕਰਨ ਲਈ ਕਹਿ ਰਹੇ ਹਨ।ਪਰ ਕਿਸਾਨ ਦਿਵਾਲੀ ਨੂੰ ਲੈਕੇ ਕੁਝ ਹੋਰ ਹੀ ਰਣਨੀਤੀ ਘੜੀ ਬੈਠੇ ਹਨ।ਦਰਅਸਲ, ਕਿਸਾਨ ਇਸ ਸਾਲ ਕਾਲੀ ਦਿਵਾਲੀ ਮਨਾਉਣ ਦੀ ਤਿਆਰ 'ਚ ਹਨ।ਕਿਸਾਨ ਜੱਥੇਬੰਦੀਆਂ ਅਪੀਲ ਕਰ ਰਹੀਆਂ ਹਨ ਕਿ ਆਮ ਲੋਕ ਵੀ ਕਾਲੀ ਪਟੀ ਅਤੇ ਕਾਲਾ ਝੰਡਾ ਆਪਣੀ ਦੁਕਾਨ, ਘਰ, ਰੇਹੜੀ ਆਦਿ ਤੇ ਲਾ ਕੇ ਕਿਸਾਨਾਂ ਦਾ ਸਮਰਥਨ ਕਰਨ।



ਰੇਲਵੇ ਨੂੰ ਹੋ ਰਿਹਾ ਭਾਰੀ ਨੁਕਸਾਨ
ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਕਾਰਨ ਰੇਲਵੇ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਰੇਲਵੇ ਮੁਤਾਬਿਕ ਤਕਰੀਬਨ 1200 ਕਰੋੜ ਦਾ ਨੁਕਸਾਨ ਹੁਣ ਤੱਕ ਹੋ ਚੁੱਕਾ ਹੈ। 2,225 ਦੇ ਕਰੀਬ ਮਾਲ ਗੱਡੀਆਂ ਨਹੀਂ ਚੱਲ ਰਹੀਆਂ। 1,350 ਯਾਤਰੀ ਟ੍ਰੇਨਾਂ ਰੱਦ ਕੀਤੀਆਂ ਜਾਂ ਡਾਇਵਰਟ ਕੀਤੀਆਂ ਗਈਆਂ ਹਨ।

ਹੁਣ ਪੰਜਾਬ 'ਚ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ।ਬਿਜਲੀ ਦੀ ਜ਼ਰੂਰਤ ਹੈ ਪਰ ਕੋਲੇ ਦੀ ਕਿੱਲਤ ਨੇ ਚਿੰਤਾ ਵਧਾਈ ਹੋਈ ਹੈ।ਖਾਦਾਂ ਨਾ ਹੋਣ ਕਾਰਨ ਕਿਸਾਨ ਵੀ ਪਰੇਸ਼ਾਨ ਹੈ।ਇੰਡਸਟ੍ਰੀ ਦਾ ਕਰੋੜਾਂ ਦਾ ਮਾਲ ਫਸਿਆ ਹੋਇਆ ਹੈ।ਪਰ ਅਜੇ ਕੋਈ ਪਤਾ ਨਹੀਂ ਚੁਣੌਤੀਆਂ ਵਾਲਾ ਇਹ ਸਫ਼ਰ ਪੰਜਾਬ ਲਈ ਹੋਰ ਕਿੰਨਾ ਲੰਮਾ ਚੱਲੇਗਾ।