Punjab News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ 'ਚ ਇੱਕ ਲੜਕੇ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ,ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। 25 ਨਵੰਬਰ ਨੂੰ ਲੜਕੇ ਹਰਮਨਦੀਪ ਸਿੰਘ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਬੱਚੇ ਨੂੰ ਬਚਾਉਣ ਵਿਚ ਨਾਕਾਮਯਾਬ ਰਹੀ ਹੈ। ਬੀਤੇ ਕੱਲ ਲੜਕੇ ਦੀ ਲਾਸ਼ ਬਰਾਮਦ ਹੋਈ ਸੀ।
ਫਰੀਦਕੋਟ ਰੇਂਜ ਦੇ ਆਈ.ਜੀ. ਵਿਦੀਪ ਕੁਮਾਰ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਕੋਟਭਾਈ ਤੋਂ ਅਗਵਾ ਹੋਏ ਲੜਕੇ ਸਬੰਧੀ ਕੇਸ ਸੁਲਝਾ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਪਿੰਡ ਕੋਟਭਾਈ ਤੋਂ ਇਕ ਲੜਕਾ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਕਰੀਬ 20 ਸਾਲ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਦੇ ਪਰਿਵਾਰ ਪਾਸੋਂ 30 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ।
ਪੁਲਿਸ ਵੱਲੋਂ ਇਸ ਮਾਮਲੇ ਵਿਚ ਮਲਕੀਤ ਸਿੰਘ , ਰਮਨਦੀਪ ਕੌਰ , ਮਨਦੀਪ ਸਿੰਘ , ਗੁਰਸੇਵਕ ਸਿੰਘ , ਜਗਮੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ 25 ਨਵੰਬਰ ਨੂੰ ਹਰਮਨ ਸਿੰਘ ਨੂੰ ਪਿੰਡ ਕੋਟਭਾਈ ਤੋਂ ਅਗਵਾ ਕਰਕੇ ਗੁਰਸੇਵਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਾਮ ਖੇੜਾ ਦੇ ਘਰ ਲੈ ਗਿਆ ,ਜਿੱਥੇ ਮਨਦੀਪ ਸਿੰਘ ਉਰਫ ਗੱਗੂ, ਜਗਮੀਤ ਸਿੰਘ ਉਰਫ ਮੂਸ਼ੀ, ਮਨਪ੍ਰੀਤ ਸਿੰਘ ਉਰਫ ਪੀਤਾ, ਲਾਲੂ ਅਤੇ ਰਮਨਦੀਪ ਕੌਰ ਪਹਿਲਾ ਤੋਂ ਹੀ ਮੌਜੂਦ ਸਨ।
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਹਰਮਨ ਸਿੰਘ ਦਾ ਉਸੇ ਦਿਨ ਕਤਲ ਕਰਕੇ ਉਸ ਦੀ ਲਾਸ਼ ਨੂੰ ਗੁਰਸੇਵਕ ਸਿੰਘ ਦੇ ਖੇਤਾਂ ਵਿਚ ਦਫਨਾ ਦਿੱਤਾ ਸੀ। ਲਾਸ਼ ਦਫਨਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਸ਼ੂਰੂ ਕਰ ਦਿੱਤੀ ਗਈ। ਫਿਰੌਤੀ ਲਈ ਚਿੱਠੀਆਂ ਉਕਤ ਮੁਲਜ਼ਮਾਂ ਵਿਚੋਂ ਇਕ ਦੀ ਨਾਬਾਲਗ ਲੜਕੀ ਵੱਲੋਂ ਲਿਖੀਆਂ ਜਾਂਦੀਆਂ ਸਨ ਅਤੇ ਇਹ ਚਿੱਠੀਆਂ ਮਲਕੀਤ ਸਿੰਘ ਵੱਲੋਂ ਸੁੱਟੀਆਂ ਜਾਂਦੀਆਂ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਹਰਮਨ ਸਿੰਘ ਦਾ ਕਤਲ ਇਸ ਕਰਕੇ ਕੀਤਾ ਕਿਉਂਕਿ ਹਰਮਨ ਸਿੰਘ ਅਤੇ ਨਵਜੋਤ ਸਿੰਘ ਪਹਿਲਾਂ ਤੋਂ ਇਕ ਦੂਸਰੇ ਨੂੰ ਜਾਣਦੇ ਸਨ ਇਸ ਕਰਕੇ ਉਨ੍ਹਾਂ ਨੂੰ ਆਪਣੇ ਫੜੇ ਜਾਣ ਦਾ ਡਰ ਸੀ।