ਕਪੂਰਥਲਾ : ਕਪੂਰਥਲਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਨਾਲੇ ਵਿੱਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵੱਲੋਂ ਆਪਣੀ ਸੁਰੱਖਿਆ ਵਿੱਚ ਲੱਗੀ ਪਾਇਲਟ ਜਿਪਸੀ ਰਾਹੀਂ ਹਸਪਤਾਲ ਪਹੁੰਚਾਇਆ ਗਿਆ। 


 

ਆਜ਼ਾਦੀ ਦਿਹਾੜੇ ਸਬੰਧੀ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਸਮਾਗਮ ਪਿਛੋਂ ਜਦ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਭੰਡਾਲ ਬੇਟ ਅਤੇ ਸੂਜੋਕਾਲੀਆ ਵਿਖੇ ਆਮ ਆਦਮੀ ਕਲੀਨਕਾਂ ਦੇ ਉਦਘਾਟਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੇ ਪਿਛਲੀ ਦਿਨੀ ਵਾਪਰੀ ਘਟਨਾ ਵਾਲੇ ਸਥਾਨ ’ਤੇ ਗੱਡੀ ਰੋਕ ਕੇ ਨਾਲੇ ਵਿਚੋਂ ਮਿਲੇ ਬੱਚੇ ਦੇ ਸਰੀਰ ਨੂੰ ਤੁਰੰਤ ਆਪਣੀ ਪਾਇਲਟ ਜਿਪਸੀ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ । 

 

ਉਨਾਂ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਪੁਲਿਸ ਕਰਮੀਆਂ ਵਲੋਂ ਬੱਚੇ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ,ਜਿਥੇ ਡਾਕਟਰਾਂ ਵੱਲੋਂ ਬੱਚੇ ਦੇ ਸਰੀਰ ਦੀ ਜਾਂਚ ਪੜਤਾਲ ਕੀਤੀ ਗਈ।

 

ਦੱਸ ਦੇਈਏ ਕਿ ਕਪੂਰਥਲਾ ਦੇ ਗੋਇੰਦਵਾਲ ਮਾਰਗ ‘ਤੇ 9 ਅਗਸਤ ਨੂੰ ਰੋਡ ‘ਤੇ ਗੰਦੇ ਨਾਲੇ ‘ਚ ਡਿੱਗੇ 2 ਸਾਲਾ ਅਭਿਲਾਸ਼ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਇਕ ਨਾਲੇ ‘ਚੋਂ ਬਰਾਮਦ ਹੋਈ ਹੈ। ਜਦੋਂ ਬੱਚੇ ਦਾ ਪਤਾ ਚੱਲਿਆ ਤਾਂ ਮੌਕੇ ‘ਤੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ। ਇਸ ਦੌਰਾਨ ਬੱਚੇ ਨੂੰ ਇਸ ਹਾਲਤ ‘ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।


ਜ਼ਿਕਰਯੋਗ ਹੈ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਕਰੀਬ 4 ਦਿਨਾਂ ਤੋਂ ਇਸ ਬੱਚੇ ਦੀ ਭਾਲ ਲਈ ਬਚਾਅ ਮੁਹਿੰਮ ਚਲਾ ਰਹੀ ਸੀ। ਜ਼ਿਲਾ ਪ੍ਰਸ਼ਾਸਨ ਨੇ ਬਚਾਅ ਕਾਰਜ ਚਲਾਕੇ ਪਰਵਾਸੀ ਪਰਿਵਾਰ ਦੇ ਬੱਚੇ ਨੂੰ ਲੱਭ ਲਿਆ ਹੈ | ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਨੂੰ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।