Ludhiana News: ਪੰਜਾਬ ਵਿੱਚ ਚਾਇਨਾ ਡੋਰ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸਰਕਾਰ ਦੀ ਸਖਤੀ ਦੇ ਬਾਵਜੂਦ ਸ਼ਰੇਆਮ ਚਾਇਨਾ ਡੋਰ ਵਿਕ ਰਹੀ ਹੈ। ਨਿੱਤ ਹਾਦਸੇ ਵਾਪਰਨ ਦੇ ਬਾਵਜੂਦ ਪੁਲਿਸ ਸਖਤ ਐਕਸ਼ਨ ਨਹੀਂ ਲੈ ਰਹੀ। ਇਸ ਕਰਕੇ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਹੁਣ ਜਨਤਕ ਤੇ ਸਮਾਜਿਕ ਜਥੇਬੰਦੀਆਂ ਵੀ ਇਸ ਖਿਲਾਫ ਨਿੱਤਰ ਆਈਆਂ ਹਨ।



ਲੁਧਿਆਣਾ ਦੀਆਂ ਵੱਖ ਵੱਖ ਜਨਤਕ ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਚਾਇਨਾ ਡੋਰ ਦੀ ਵਿਕਰੀ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਸ ਪ੍ਰਗਟਾਇਆ ਤੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਚਾਈਨਾ ਡੋਰ ਉੱਪਰ ਪਾਬੰਦੀ ਦੇ ਬਾਵਜੂਦ ਵੀ ਇਹ ਲੋਕਾਂ ਦੀ ਜਾਨ ਦਾ ਖ਼ੌਅ ਬਣੀ ਹੋਈ ਹੈ। ਹਰ ਰੋਜ਼ ਇਸ ਦੀ ਲਪੇਟ ਵਿੱਚ ਆ ਕੇ ਅਨੇਕਾਂ ਹਾਦਸੇ ਹੋ ਰਹੇ ਹਨ, ਜਿਨ੍ਹਾਂ ਨਾਲ ਕਈ ਵਾਰ ਗੰਭੀਰ ਸੱਟਾਂ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਚਾਇਨਾ ਡੋਰ ਦੀ ਵਿਕਰੀ ਲਗਾਤਾਰ ਹੋ ਰਹੀ ਹੈ। 


ਮਹਾਸਭਾ ਲੁਧਿਆਣਾ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਨੌਜਵਾਨ ਸਭਾ ਭਾਈ ਰਣਧੀਰ ਸਿੰਘ ਨਗਰ (ਐਲ ਬਲਾਕ) ਦੇ ਕਾਰਕੁਨਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਇਸ ਡੋਰ ਦੀ ਵਿਕਰੀ ਨਾ ਹੋਣ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।


ਉਧਰ ਲੋਕ ਰੋਹ ਨੂੰ ਵੇਖਦਿਆਂ ਪੁਲਿਸ ਵੀ ਹਰਕਤ ਵਿੱਚ ਆਈ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਪਾਬੰਦੀਸ਼ੁਦਾ ਚਾਇਨਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਮਿੱਢਾ ਚੌਕ ’ਚ ਮੌਜੂਦ ਸੀ ਤਾਂ ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਪੈਦਲ ਹੀ ਥੈਲਾ ਫੜੀ ਜਾ ਰਿਹਾ ਸੀ, ਜਿਸ ਵਿੱਚੋਂ 17 ਗੱਟੂ ਚਾਇਨਾ ਡੋਰ ਬਰਾਮਦ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।