CM Bhagwant Mann Birthday: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ। ਇਸ ਦੌਰਾਨ ਕਈ ਵੱਡੇ ਸਿਆਸੀ ਨੇਤਾਵਾਂ ਸਮੇਤ ਲੋਕਾਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਭਗਵੰਤ ਮਾਨ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਮੌਕੇ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ।



ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਟਵੀਟ ਕਰਦਿਆਂ ਲਿਖਿਆ ਹੈ-ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਧੰਨਵਾਦ ..ਮੈਂ ਜਦ ਵੀ ਇਸ ਦੁਨੀਆਂ ਤੇ ਆਂਵਾਂ ਮੇਰਾ ਦੇਸ਼ ਹੋਵੇ ਪੰਜਾਬ…।ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਸੋਮਵਾਰ ਨੂੰ 49 ਸਾਲ ਦੇ ਹੋ ਗਏ ਹਨ।





ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤਮੰਦ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਮੈਂ ਤੁਹਾਡੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।"


 ਇਹ ਵੀ ਪੜ੍ਹੋ : Gangster In Punjab: ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਹੋਇਆ ਖ਼ਤਮ, ਲੁਧਿਆਣਾ ਅਦਾਲਤ ਵਿੱਚ ਅੱਜ ਮੁੜ ਹੋਵੇਗੀ ਪੇਸ਼ੀ


 

ਇਸ ਤੋਂ 2 ਦਿਨ ਪਹਿਲਾਂ ਆਪਣੇ ਪਿਤਾ ਦੇ ਜਨਮ ਦਿਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਹੋ ਗਏ ਸਨ। ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ,ਜਿਸ ਵਿੱਚ ਉਨ੍ਹਾਂ ਲਿਖਿਆ, ਮੈਂ ਆਪਣੇ ਸਤਿਕਾਰਯੋਗ ਪਿਤਾ ਸਵਰਗੀ ਮਾਸਟਰ ਮਹਿੰਦਰ ਸਿੰਘ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰ ਰਿਹਾ ਹਾਂ.. 'ਮਾਸਟਰ' ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹੋਗੇ।

 

ਦੱਸ ਦੇਈਏ ਕਿ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸ ਵਾਇਫ਼ ਹੈ। ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ ਸਨ। ਜਿਸ ਤੋਂ ਬਾਅਦ ਉਹ ਕਾਮੇਡੀਅਨ ਬਣ ਗਏ। 
 

ਭਗਵੰਤ ਦੀ ਸਭ ਤੋਂ ਪਹਿਲੀ ਕਾਮੇਡੀ ਅਤੇ ਪੈਰੋਡੀ ਗਾਣਿਆਂ ਦੀ ਟੇਪ 1992 ਵਿੱਚ 'ਗੋਭੀ ਦੀਏ ਕੱਚੀਏ ਵਪਾਰਨੇ ਆਈ' ਅਤੇ ਉਹ ਕਾਮੇਡੀ ਦੀ ਦੁਨੀਆਂ ਵਿੱਚ ਛਾ ਗਏ ਸੀ। 12ਵੀਂ ਕਰਨ ਤੋਂ ਬਾਅਦ ਉਨ੍ਹਾਂ ਨੇ ਬੀ ਕਾਮ ਭਾਗ ਪਹਿਲਾ ਵਿੱਚ ਦਾਖਲਾ ਲਿਆ ਸੀ ਪਰ ਕਾਮੇਡੀ ਦੇ ਰੁਝੇਵਿਆਂ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ।1992 ਤੋਂ 2013 ਤੱਕ ਉਨ੍ਹਾਂ ਨੇ ਕਾਮੇਡੀ ਦੀਆਂ 25 ਐਲਬਮਜ਼ ਰਿਕਾਰਡ ਕਰਵਾਈਆਂ ਅਤੇ ਰਿਲੀਜ਼ ਕੀਤੀਆਂ। ਉਨ੍ਹਾਂ ਨੇ 5 ਗਾਣਿਆਂ ਦੀਆਂ ਟੇਪਾਂ ਰਿਲੀਜ਼ ਕੀਤੀਆਂ। ਭਗਵੰਤ ਮਾਨ ਨੇ 1994 ਤੋਂ 2015 ਤੱਕ 13 ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਪਹਿਲਾਂ ਇੰਦਰਜੀਤ ਕੌਰ ਨਾਲ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਇੱਕ ਬੇਟਾ ਅਤੇ ਬੇਟੀ ਹਨ। ਹੁਣ ਉਨ੍ਹਾਂ ਦੀ ਪਹਿਲੀ ਪਤਨੀ ਤਲਾਕ ਲੈਣ ਤੋਂ ਬਾਅਦ ਅਲੱਗ ਅਮਰੀਕਾ ਰਹਿੰਦੀ ਹੈ ਅਤੇ ਭਗਵੰਤ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਡਾਕਟਰ ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਇੱਕ ਸਾਦੇ ਸਮਾਗਮ ਦੌਰਾਨ ਦੂਜਾ ਵਿਆਹਕਰਵਾਇਆ ਸੀ। ਉਨ੍ਹਾਂ ਦੀ ਇੱਕ ਭੈਣ ਮਨਪ੍ਰੀਤ ਕੌਰ ਹੈ, ਜੋ ਸਤੌਜ ਨੇੜਲੇ ਪਿੰਡ ਵਿਆਹੀ ਹੋਈ ਹੈ।