Punjab News: ਜ਼ੀਰਾ ਸ਼ਰਾਬ ਫੈਕਟਰੀ ਉੱਪਰ ਭਗਵੰਤ ਮਾਨ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਹੈ। ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਲਾਠੀਚਾਰਜ ਮਗਰੋਂ ਸਿਆਸੀ ਧਿਰਾਂ ਵੀ ਪੰਜਾਬ ਸਰਕਾਰ ਖਿਲਾਫ ਨਿੱਤਰ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸ਼ਰਾਬ ਫੈਕਟਰੀ ਦੇ ਮਾਲਕਾਂ ਦਾ ਪੱਖ ਪੂਰਨ ਦੇ ਇਲਜ਼ਾਮ ਲਾਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ਉਹ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਦੇ ਮਾਲਕਾਂ ਦਾ ਪੱਖ ਪੂਰਨ ਨਾਲੋਂ ਆਮ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਤਰਜੀਹ ਦੇਣ ਤੇ ਪ੍ਰਦੂਸ਼ਿਤ ਹੋ ਰਹੇ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਾਲਬਰੋਜ਼ ਸ਼ਰਾਬ ਫੈਕਟਰੀ ਖ਼ਿਲਾਫ਼ ਧਰਨੇ ਨੂੰ 150 ਤੋਂ ਵੱਧ ਦਿਨ ਹੋ ਗਏ ਹਨ ਤੇ ਮਨੁੱਖੀ ਜਾਨਾਂ ਦੀ ਚਿੰਤਾ ਨੂੰ ਦੇਖਦਿਆਂ ਇਹ ਧਰਨਾ ਪੂਰੀ ਤਰ੍ਹਾਂ ਵਾਜਬ ਹੈ।
ਉਨ੍ਹਾਂ ਆਖਿਆ ਕਿ ਅਕਾਲੀ ਦਲ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਬਣਾਏ ਗਏ ਸਾਂਝੇ ਫਰੰਟ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦਾ ਦਾਅਵਾ ਹੈ ਕਿ ਧਰਤੀ ਹੇਠਲਾ ਪਾਣੀ 650 ਫੁੱਟ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਦੀ ਆਵਾਜ਼ ਸੁਣਨ ਦੀ ਥਾਂ ਕਥਿਤ ਸ਼ਰਾਬ ਫੈਕਟਰੀ ਦੇ ਮਾਲਕਾਂ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਈ ਕੋਰਟ ਵਿੱਚ ਲੋਕਾਂ ਦੇ ਪੱਖ ਦੀ ਨੁਮਾਇੰਦਗੀ ਨਹੀਂ ਕਰ ਰਹੀ।
ਉਨ੍ਹਾਂ ਆਖਿਆ ਮੁੱਖ ਮੰਤਰੀ ਪੀੜਤਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਤੋਂ ਪਿੱਛੇ ਕਿਉਂ ਹਟੇ ਹਨ ਤੇ ਕਿਉਂ ਪਿੰਡਾਂ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ? ਉਨ੍ਹਾਂ ਆਖਿਆ ਕਿ ਸਰਕਾਰ ਨੂੰ ਜਬਰ ਤੇ ਧੱਕੇਸ਼ਾਹੀ ਦੀ ਬਜਾਏ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਖ਼ਿਲਾਫ਼ ਪੁਲਿਸ ਬਲ ਦੀ ਵਰਤੋਂ ਦੀ ਨਿਖੇਧੀ ਕਰਦਾ ਹੈ।