Sidhu Moosewala Murde Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 10 ਮਹੀਨੇ ਬੀਤ ਚੁੱਕੇ ਹਨ। ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਅੱਜ ਫਿਰ ਪਰਿਵਾਰ ਨੇ ਕਿਹਾ ਕਿ ਉਹ ਇਨਸਾਫ ਦੀ ਲੜਾਈ ਲੜਦੇ ਰਹਿਣਗੇ।
ਦਰਅਸਲ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਲਗਾਤਾਰ ਹਰ ਐਤਵਾਰ ਨੂੰ ਵੱਡੀ ਗਿਣਤੀ 'ਚ ਪਰਿਵਾਰ ਨੂੰ ਮਿਲਣ ਪਹੁੰਚਦੇ ਹਨ। ਅੱਜ ਵੀ ਸਿੱਧੂ ਮੂਸੇਵਾਲਾ ਦੇ ਹਮਾਇਤੀ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਪਹੁੰਚੇ। ਮੂਸੇਵਾਲਾ ਦੇ ਮਾਪਿਆਂ ਨੇ ਇਸ ਮੌਕੇ ਖੁੱਲ੍ਹ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਇਰਾਦਾ ਉਨ੍ਹਾਂ ਨੂੰ ਇਨਸਾਫ਼ ਦਿਵਾਉਣਾ ਨਹੀਂ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਉੱਪਰ ਤਨਜ਼ ਕੱਸਦੇ ਸਨ। ਅੱਜ ਉਨ੍ਹਾਂ ਦੀ ਸਰਕਾਰ ਹੈ ਤਾਂ ਉਹ ਕੰਮ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦੇਣਗੇ। ਅੱਜ ਜਦੋਂ ਉਨ੍ਹਾਂ ਦੀ ਸਰਕਾਰ ਹੈ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਦਿਖਾਉਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ 'ਚ ਮੁੱਖ ਮੰਤਰੀ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ ਪਰ ਉਹ ਇਨਸਾਫ਼ ਲਈ ਲੜਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਪੁੱਤਰ ਜ਼ਿੰਦਾ ਸੀ ਤਾਂ ਉਹ ਉਨ੍ਹਾਂ ਦੇ ਪੁੱਤਰ 'ਤੇ ਹਥਿਆਰਾਂ ਨੂੰ ਸ਼ਹਿ ਦੇਣ ਦੇ ਇਲਜ਼ਾਮ ਲਾਉਂਦੇ ਸੀ। ਅੱਜ ਸਰਕਾਰ ਕੀ ਕਰ ਰਹੀ ਹੈ ਜਦੋਂ ਗੈਂਗਸਟਰ ਜੇਲ੍ਹ ਵਿੱਚੋਂ ਇੰਟਰਵਿਊ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਬਲਕੌਰ ਸਿੰਘ ਨੇ ਕਿਹਾ ਕਿ ਦੋ ਦਿਨ ਪਹਿਲਾਂ ਇੱਕ ਕੈਦੀ ਨੇ ਖੁਲਾਸਾ ਕੀਤਾ ਹੈ ਕਕਿ ਜੇਲ੍ਹ 'ਚ ਕੀ ਹੋ ਰਿਹਾ ਹੈ। ਉਸ ਨੇ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ ਤਾਂ ਸਰਕਾਰ ਨੇ ਉਸ 'ਤੇ ਮਾਮਲਾ ਦਰਜ ਕਰ ਲਿਆ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ।