ਚੰਡੀਗੜ੍ਹ: ਗੁਜਰਾਤ ਵਿੱਚ ਸੀਐਮ ਭਗਵੰਤ ਮਾਨ ਦੇ ਗਰਬਾ ਤੇ ਭੰਗੜੇ ਦੇ ਸੋਸ਼ਲ ਮੀਡੀਆ ਉੱਪਰ ਚਰਚੇ ਹਨ। ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਸੀਐਮ ਭਗਵੰਤ ਮਾਨ ਦੀ ਵਡਿਆਈ ਕਰ ਰਹੇ ਹਨ, ਦੂਜੇ ਪਾਸੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। 


ਵਿਰੋਧੀਆਂ ਦੀ ਅਲੋਚਨਾ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਕਿਹਾ ਕਿ ਹੈ ਕਿ ‘ਸਾਡੇ ਸ਼ੇਰ ਨੇ ਗੁਜਰਾਤ ਵਿੱਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੈ। ਹੁਣ ਗੁਜਰਾਤ ਵਿੱਚ ਝਾੜੂ ਚੱਲੇਗਾ ਤੇ ਕਮਲ ਦਾ ਚਿੱਕੜ ਸਾਫ਼ ਹੋਵੇਗਾ।’






ਉਧਰ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਧਾਲੀਵਾਲ ਦੇ ਜਵਾਬ ’ਤੇ ਤਨਜ਼ ਕੱਸਿਆ ਹੈ। ਬਾਜਵਾ ਨੇ ਕਿਹਾ ਕਿ ‘ਗਿੱਧੇ ਦੀ ਟੀਮ ਦੇ ਕਪਤਾਨ ਮਹਾਰਾਜਾ ਸਤੌਜ, ਗੁਲਾਬੀ ਪੱਗ ਵਾਲੇ ਮੰਤਰੀ ਸਾਹਿਬ, ਤੁਹਾਡੀ ਗਿੱਧੇ ਦੀ ਟੀਮ ਦਾ ਕੈਪਟਨ ਤਾਂ ਆਹ ਹੈ। ਜਿੰਨਾ ਵਧੀਆ ਗਿੱਧਾ ਪਾਇਆ, ਪ੍ਰੋਗਰਾਮ ਮਿਲਣੇ ਸ਼ੁਰੂ ਹੋ ਜਾਣੇ ਨੇ, ਕਿਉਂਕਿ ਵੋਟ ਤਾਂ ਤੁਹਾਨੂੰ ਹੁਣ ਕਿਸੇ ਨੇ ਪਾਉਣੀ ਨਹੀਂ। ਫਿਰ ਨਾ ਉਲਾਂਭਾ ਦੇਣਾ ਕਿ ਕਿਸੇ ਨੇ ਦੱਸਿਆ ਨਹੀਂ।’






ਇਸ ਦੇ ਨਾਲ ਹੀ ਕਾਂਗਰਸੀ ਲੀਡਰ ਪਰਗਟ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ 'ਚ ਫੜੇ ਗਏ ਗੈਂਗਸਟਰ ਦੀਪਕ ਟੀਨੂੰ ਦਾ ਫਰਾਰ ਹੋਣਾ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੇ ਹਨ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਕਿਸੇ ਚਿੰਤਾ ਦੇ ਗੁਜਰਾਤ ਵਿੱਚ ਗਰਬਾ ਡਾਂਸ ਕਰਨ ਵਿੱਚ ਲੱਗੇ ਹੋਏ ਹਨ।


ਇਸੇ ਤਰ੍ਹਾਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪਹਿਲਾਂ ਚਰਨਜੀਤ ਚੰਨੀ ਬਤੌਰ ਮੁੱਖ ਮੰਤਰੀ ਭੰਗੜੇ ਪਾਉਂਦਾ ਸੀ ਤੇ ਹੁਣ ਭਗਵੰਤ ਮਾਨ ਵੀ ਉਸੇ ਰਾਹ ’ਤੇ ਤੁਰ ਪਏ ਹਨ। ਉਨ੍ਹਾਂ ਸੁਆਲ ਉਠਾਇਆ ਕਿ ਕੀ ਹੁਣ ਪੰਜਾਬ ਵਿਚ ਸਲੀਪਰ ਸੈੱਲ ਬਣ ਚੁੱਕੇ ਹਨ ਜਿਸ ਦੀ ਕੇਂਦਰੀ ਏਜੰਸੀ ਜਾਂਚ ਕਰੇ।