ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ਦਿਵਸ ਮੌਕੇ ਚੰਡੀਗੜ੍ਹ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਚੰਡੀਗੜ੍ਹ ਬੋਗਨਵਿਲੀਆ ਵਾਰ ਮੈਮੋਰੀਅਲ 'ਚ ਪਹੁੰਚੇ ਸੀ.ਐਮ ਮਾਨ ਨੇ ਕਿਹਾ ਕਿ ਅਸੀਂ ਆਪਣੇ ਘਰਾਂ 'ਚ ਏ.ਸੀ ਅਤੇ ਹੀਟਰ ਨਾਲ ਸੌਂਦੇ ਹਾਂ। ਇਸ ਦੇ ਨਾਲ ਹੀ ਸਿਪਾਹੀ ਕੜਾਕੇ ਦੀ ਗਰਮੀ ਅਤੇ ਬਰਫੀਲੀ ਠੰਡ ਵਿੱਚ ਵੀ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਸੈਨਿਕਾਂ ਦੀ ਭਲਾਈ ਲਈ ਜੋ ਵੀ ਲੋੜ ਹੈ, ਸਰਕਾਰ ਉਹ ਜ਼ਰੂਰ ਕਰੇਗੀ।
ਕਾਰਗਿਲ ਫਤਹਿ ਦੇ ਦਿਨ ਦਿੱਤੀ ਸੀ ਮਦਦ
ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਵਾਲੇ ਦਿਨ ਸਾਡੇ ਜਾਂਬਾਜ ਅਤੇ ਬਹਾਦਰ ਜਵਾਨਾਂ ਨੇ ਟਾਈਗਰ ਹਿੱਲ ਨੂੰ ਫਤਹਿ ਕੀਤਾ ਸੀ। ਉਸ ਸਮੇਂ ਦੇਸ਼ ਅੰਦਰ ਦੇਸ਼ ਭਗਤੀ ਦਾ ਜਜ਼ਬਾ ਸੀ। ਮੈਂ ਉਸ ਸਮੇਂ ਸਿਰਫ਼ ਇੱਕ ਕਲਾਕਾਰ ਸੀ। ਮੈਂ ਸਾਰੇ ਮਸ਼ਹੂਰ ਕਲਾਕਾਰਾਂ ਨੂੰ ਕਿਹਾ ਕਿ ਸਾਨੂੰ ਵੀ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਅਸੀਂ ਲਾਈਵ ਸ਼ੋਅ ਕਰਕੇ ਪੈਸੇ ਇਕੱਠੇ ਕੀਤੇ। ਇਨ੍ਹਾਂ ਸਾਰਿਆਂ ਨੂੰ ਪਟਿਆਲਾ ਛਾਉਣੀ ਦੇ ਮੁਖੀ ਨੂੰ ਦਿੱਤੇ ਸੀ।
50 ਡਿਗਰੀ ਤੋਂ ਜ਼ਿਆਦਾ 'ਤੇ ਡਿਊਟੀ ਕਰ ਰਹੇ ਸਿਪਾਹੀ
ਫੌਜ ਦੇ ਨਾਲ ਕਈ ਅਜਿਹੇ ਮੌਕੇ ਆਉਂਦੇ ਹਨ, ਜਦੋਂ ਦੁਸ਼ਮਣ ਭਾਰਤ ਦੇ ਖੇਤਰ ਵਿੱਚ ਦਹਿਸ਼ਤਗਰਦੀ , ਨਸ਼ੇ ਅਤੇ ਡਰੋਨ ਦੀਆਂ ਸਮੱਸਿਆਵਾਂ ਲਿਆ ਰਹੇ ਹਨ। ਜਿਸ ਸਮੇਂ ਅਸੀਂ ਏਸੀ ਲਗਾ ਕੇ ਕਮਰੇ ਵਿੱਚ ਸੌਂਦੇ ਹਾਂ, ਉਸ ਵਕਤ ਬਹਾਦਰ ਫ਼ੌਜੀ 50 ਡਿਗਰੀ ਤੋਂ ਉੱਪਰ 'ਚ ਜੈਸਲਮੇਰ ਵਿੱਚ ਸਾਡੀ ਰੱਖਿਆ ਕਰਦੇ ਹਨ। ਜਦੋਂ ਅਸੀਂ ਹੀਟਰ ਲਗਾ ਕੇ ਠੰਡ ਤੋਂ ਬਚਣ ਲਈ ਬੈਠਦੇ ਹਾਂ ਤਾਂ ਉਸ ਸਮੇਂ ਉਹ ਟਾਈਗਰ ਹਿੱਲ ਦੀਆਂ ਪਹਾੜੀਆਂ 'ਤੇ ਮੋਰਚਾ ਲੈ ਕੇ ਬੈਠੇ ਰਹਿੰਦੇ ਹਨ।
ਸ਼ਹੀਦਾਂ ਨੂੰ ਇੱਕ ਦਿਨ ਨਹੀਂ, ਰੋਜ਼ ਯਾਦ ਕਰਨਾ ਚਾਹੀਦਾ ਹੈ
ਸਾਨੂੰ ਸ਼ਹੀਦਾਂ ਨੂੰ ਸਿਰਫ਼ ਇੱਕ ਦਿਨ ਹੀ ਯਾਦ ਨਹੀਂ ਕਰਨਾ ਚਾਹੀਦਾ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਸ਼ਹੀਦ ਹੋਵੇਗਾ, ਉਸ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਿੱਤੇ ਜਾਣਗੇ। ਇਹ ਇੱਕ ਕਰੋੜ ਦੀ ਸ਼ਹਾਦਤ ਦੀ ਕੀਮਤ ਨਹੀਂ ਹੈ, ਸਿਰਫ ਪਰਿਵਾਰ ਨੂੰ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਹ ਮਦਦ ਕਰਦੇ ਹਨ।