ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਇੱਕ ਮਹੀਨੇ ਤੋਂ ਸ਼ਰਾਬ ਦੀ ਵਿਕਰੀ ਸ਼ੁਰੂ ਕਰਨ ਲਈ ਕੇਂਦਰ ਨੂੰ ਅਪੀਲ ਕਰ ਰਹੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸੂਬੇ ਨੂੰ ਆਮਦਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਵੀ ਕੈਪਟਨ ਦੀ ਇਹ ਰੀਝ ਅਧੂਰੀ ਹੀ ਰਹਿ ਰਹੀ ਹੈ। ਦਰਅਸਲ ਪੰਜਾਬ ਦੇ ਅੱਧੇ ਜ਼ਿਲ੍ਹਿਆਂ ਵਿੱਚ ਨਵੀਂ ਐਕਸਾਇਜ਼ ਪਾਲਿਸੀ ਆਉਣ ਤੋਂ ਬਾਅਦ ਵੀ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲ੍ਹੀਆਂ।


ਬਾਕੀ ਸੂਬਿਆਂ 'ਚ ਤਿੰਨ ਮਈ ਤੋਂ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਸਨ ਪਰ ਪੰਜਾਬ 'ਚ ਸ਼ਰਾਬ ਦੇ ਚੱਕਰ 'ਚ ਪਹਿਲਾਂ ਕੈਪਟਨ ਦੇ ਮੰਤਰੀ ਤੇ ਮੁੱਖ ਸਕੱਤਰ ਆਪਸ 'ਚ ਭਿੜੇ। ਹੁਣ ਸ਼ਰਾਬ ਕਾਰੋਬਾਰ ਨਾਲ ਸੂਬੇ ਦੀ ਆਮਦਨੀ ਦੇ ਘਾਟੇ ਨੂੰ ਲੈ ਕੇ ਕਾਂਗਰਸੀ ਨੇਤਾ ਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਫਿਰ ਤੋਂ ਆਪਸੀ ਖਿੱਚੋਤਾਣ ਜਾਰੀ ਹੈ।


ਫਿਰੋਜ਼ਪੁਰ, ਮੁਕਤਸਰ, ਬਠਿੰਡਾ, ਬਰਨਾਲਾ, ਖੰਨਾ, ਲੁਧਿਆਣਾ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। 13 ਮਈ ਨੂੰ ਨਵੀਂ ਪਾਲਿਸੀ ਲਾਗੂ ਹੋਣ ਤੋਂ ਬਾਅਦ ਵੀ ਇਨ੍ਹਾਂ ਜ਼ਿਲ੍ਹਿਆਂ 'ਚ ਜ਼ਿਆਦਤਰ ਠੇਕੇਦਾਰ ਸ਼ਰਾਬ ਕਾਰੋਬਾਰ ਕਰਨ ਲਈ ਤਿਆਰ ਨਹੀਂ।


ਠੇਕੇਦਾਰ 23 ਮਾਰਚ ਤੋਂ ਛੇ ਮਈ ਤਕ ਲੌਕਡਾਊਨ ਘਾਟੇ ਦੀ ਭਰਪਾਈ ਚਾਹੁੰਦੇ ਹਨ ਪਰ ਕੈਪਟਨ ਸਰਕਾਰ ਕਮੇਟੀਆਂ ਬਣਾਉਣ ਤੋਂ ਇਲਾਵਾ ਕੋਈ ਭਰੋਸਾ ਨਹੀਂ ਦੇ ਪਾਈ। ਨਤੀਜਾ ਇਹ ਕਿ ਠੇਕੇਦਾਰ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੋਲ੍ਹ ਰਹੇ।


ਦੂਜਾ ਠੇਕੇਦਾਰਾਂ ਨੂੰ ਇਹ ਵੀ ਲੱਗਦਾ ਹੈ ਕਿ ਦੁਪਹਿਰ ਤਿੰਨ ਵਜੇ ਤਕ ਦੁਕਾਨਾਂ ਖੋਲ੍ਹਕੇ ਉਹ ਕਰੋੜਾਂ ਰੁਪਏ ਦੀ ਲਾਇਸੈਂਸ ਫੀਸ ਨਹੀਂ ਅਦਾ ਕਰ ਸਕਦੇ। ਇਸ ਤੋਂ ਇਲਾਵਾ ਲੌਕਡਾਊਨ 'ਚ ਉਹ ਸਭ ਗਤੀਵਿਧੀਆਂ ਬੰਦ ਹਨ ਜਿੱਥੇ ਸ਼ਰਾਬ ਦੀ ਜ਼ਿਆਦਾ ਖਪਤ ਹੁੰਦੀ ਹੈ। ਜਿਵੇਂ ਕਿ ਵਿਆਹ, ਪਾਰਟੀਆਂ, ਮੈਰਿਜ ਪੈਲੇਸ, ਹੋਟਲ ਤੇ ਬਾਰ ਆਦਿ।