Punjab News: ਫਾਜ਼ਿਲਕਾ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮਹਿਲਾ ਪ੍ਰਧਾਨ ਨੇ ਆਪਣੇ ਪਤੀ ਨੂੰ ਬੰਧਕ ਬਣਾ ਲਿਆ। ਸੂਚਨਾ ਮਿਲਣ 'ਤੇ ਪੁਲਿਸ ਨੇ 25 ਘੰਟੇ ਬਾਅਦ ਪੀੜਤਾ ਦੇ ਪਤੀ ਨੂੰ ਛੁਡਵਾਇਆ। ਔਰਤ ਨੇ ਆਪਣੇ ਪਤੀ ਨੂੰ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ। ਉਸ ਨੂੰ ਖਾਣਾ ਜਾਂ ਪਾਣੀ ਵੀ ਨਹੀਂ ਦਿੱਤਾ ਗਿਆ। ਬੇਹੋਸ਼ੀ ਦੀ ਹਾਲਤ 'ਚ ਮਿਲੇ ਪੀੜਤ ਪਤੀ ਨੂੰ ਪੁਲਿਸ ਨੇ ਹਸਪਤਾਲ 'ਚ ਭਰਤੀ ਕਰਵਾਇਆ।


ਪੀੜਤ ਦੀ ਪਛਾਣ ਸੇਵਾਮੁਕਤ ਐਸਡੀਓ ਸ਼ਿਆਮ ਲਾਲ ਵਜੋਂ ਹੋਈ ਹੈ। ਦੋਸ਼ੀ ਔਰਤ ਦੀ ਪਛਾਣ ਕਵਿਤਾ ਸੋਲੰਕੀ ਵਜੋਂ ਹੋਈ ਹੈ। ਪੀੜਤ ਸ਼ਿਆਮ ਲਾਲ ਨੇ ਦੱਸਿਆ ਕਿ ਉਸ ਦੀ ਪਤਨੀ ਕਈ ਸਾਲਾਂ ਤੋਂ ਉਸ ਦੀ ਕੁੱਟਮਾਰ ਕਰ ਰਹੀ ਹੈ। ਉਸ ਨੇ ਮੇਰੀ 7 ਕਰੋੜ ਰੁਪਏ ਦੀ ਜਾਇਦਾਦ 'ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਕਵਿਤਾ ਸੋਲੰਕੀ ਨੇ ਆਪਣੇ ਪਤੀ ਨੂੰ ਬੰਧਕ ਬਣਾਏ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ



ਸਰਕਾਰੀ ਹਸਪਤਾਲ ਵਿੱਚ ਦਾਖ਼ਲ ਸੇਵਾਮੁਕਤ ਐਸਡੀਓ ਸ਼ਿਆਮ ਲਾਲ ਨੇ ਦੱਸਿਆ ਕਿ ਕਵਿਤਾ ਦੇ ਕਹਿਣ ’ਤੇ ਉਹ ਆਪਣਾ ਸਾਰਾ ਪਰਿਵਾਰ ਛੱਡ ਕੇ ਅਬੋਹਰ ਵਿੱਚ ਰਹਿਣ ਲੱਗ ਪਿਆ ਅਤੇ ਕਵਿਤਾ ਦੇ ਨਾਂਅ ’ਤੇ ਗੈਸ ਏਜੰਸੀ ਲੈ ਲਈ ਜਿਸ ਦੀ ਸਾਂਭ-ਸੰਭਾਲ ਅਤੇ ਇਸ ਤੋਂ ਹੋਣ ਵਾਲੀ ਆਮਦਨ ਵੀ ਕਵਿਤਾ ਨੂੰ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕਵਿਤਾ ਨੇ ਉਸ ਨੂੰ ਬੁਰੀ ਤਰ੍ਹਾਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ।


ਸ਼ਿਆਮ ਲਾਲ ਨੇ ਦੱਸਿਆ ਕਿ ਕਵਿਤਾ ਨੇ ਉਸ ਨੂੰ 24 ਘੰਟੇ ਕਮਰੇ ਵਿੱਚ ਭੁੱਖਾ-ਪਿਆਸਾ ਰੱਖਿਆ ਜਿਸ ਕਾਰਨ ਉਸ ਦੀ ਹਾਲਤ ਵਿਗੜਨ ਲੱਗੀ। ਉਸਨੇ ਪੁਲਿਸ ਹੈਲਪਲਾਈਨ 112 'ਤੇ ਸੂਚਨਾ ਦਿੱਤੀ। ਰਾਤ ਕਰੀਬ 10 ਵਜੇ ਪੁਲਿਸ ਮੁਲਾਜ਼ਮ ਉਸ ਦੇ ਘਰ ਪੁੱਜੇ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ।



ਸ਼ਿਆਮ ਲਾਲ ਨੇ ਦੋਸ਼ ਲਾਇਆ ਕਿ ਕਵਿਤਾ ਨੇ ਮੇਰੀ 7 ਕਰੋੜ ਰੁਪਏ ਦੀ ਜਾਇਦਾਦ ਆਪਣੇ ਨਾਂਅ ਕਰਵਾ ਦਿੱਤੀ। ਇਸ ਦੇ ਨਾਲ ਹੀ ਉਸ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਕਈ ਝੂਠੇ ਕੇਸ ਵੀ ਦਰਜ ਕਰਵਾਏ। ਉਸ ਨੇ ਦੋਸ਼ ਲਾਇਆ ਕਿ ਕਵਿਤਾ ਸੋਲੰਕੀ ਕਿਸੇ ਵੀ ਸਮੇਂ ਕੰਟਰੈਕਟ ਕਿਲਰ ਤੋਂ ਉਸ ਦਾ ਕਤਲ ਕਰਵਾ ਸਕਦੀ ਹੈ।


ਕਵਿਤਾ ਸੋਲੰਕੀ ਨੇ ਦੱਸਿਆ ਕਿ ਉਸ ਦਾ ਪਤੀ ਸ਼ਿਆਮ ਲਾਲ ਉਸ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਦਾ ਹੈ। ਫਿਲਹਾਲ ਥਾਣਾ ਨੰਬਰ 2 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।