Punjab News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ 'ਚ ਫੜੇ ਗਏ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ ਤੇ ਭਗਵੰਤ ਮਾਨ ਸਰਕਾਰ ਮੁੜ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਗੁਜਰਾਤ ਵਿੱਚ ਗਰਬਾ ਖੇਡ ਰਹੇ ਹਨ ਤੇ ਪੰਜਾਬ ਵਿੱਚ ਗੈਂਗਸਟਰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਰਹੇ ਹਨ।
ਪਰਗਟ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ 'ਚ ਫੜੇ ਗਏ ਗੈਂਗਸਟਰ ਦੀਪਕ ਟੀਨੂੰ ਦਾ ਫਰਾਰ ਹੋਣਾ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੇ ਹਨ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਕਿਸੇ ਚਿੰਤਾ ਦੇ ਗੁਜਰਾਤ ਵਿੱਚ ਗਰਬਾ ਡਾਂਸ ਕਰਨ ਵਿੱਚ ਲੱਗੇ ਹੋਏ ਹਨ।
ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਮਗਰੋਂ ਪੁਲਿਸ ਦੀ ਕਾਰਵਾਈ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪਚਾ ਲੱਗਾ ਹੈ ਕਿ ਪੁਲਿਸ ਗੈਂਗਸਟਰ ਦੀਪਕ ਟੀਨੂ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਸੀ। ਦੀਪਕ ਟੀਨੂੰ ਨੂੰ ਰਿਮਾਂਡ 'ਤੇ ਲੈਣ ਤੋਂ ਬਾਅਦ ਉਸ ਨੂੰ ਲਾਕਅੱਪ ਦੀ ਬਜਾਏ ਹੋਟਲ 'ਚ ਰੱਖਿਆ ਜਾ ਰਿਹਾ ਸੀ। ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਉਸ ਦੇ ਭੱਜਣ ਤੋਂ ਬਾਅਦ ਸਾਰੀ ਪੋਲ ਦਾ ਪਰਦਾਫਾਸ਼ ਹੋਇਆ ਹੈ।
ਪੁਲਿਸ ਨੇ ਵਰਤੀ ਬੇਹੱਦ ਲਾਪ੍ਰਵਾਹੀ
ਸੂਤਰਾਂ ਨੇ ਦੱਸਿਆ ਹੈ ਕਿ ਸੀਆਈਏ ਇੰਚਾਰਜ ਮਾਨਸਾ ਗੈਂਗਸਟਰ ਦੀਪਕ ਟੀਨੂੰ ਨੂੰ ਰਾਤ ਦੇ 11 ਵਜੇ ਮਾਨਸਾ ਤੋਂ ਝੁਨੀਰ ਇੱਕ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਗਏ ਤੇ ਉਸ ਦੇ ਹੱਥਕੜੀ ਨਹੀਂ ਲੱਗੀ ਹੋਈ ਸੀ। ਉਸ ਨੂੰ ਝੁਨੀਰ ’ਚ ਸੀਆਈਏ ਇੰਚਾਰਜ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਉਪਰ ਇੱਕ ਕਮਰੇ ਵਿੱਚ ਲਿਜਾਇਆ ਗਿਆ ਤੇ ਉਥੋਂ ਉਹ ਫਰਾਰ ਹੋ ਗਿਆ। ਉਹ ਤਿੰਨ ਦਿਨਾਂ ਤੋਂ ਉਥੇ ਲਗਾਤਾਰ ਜਾ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।