ਪਟਿਆਲਾ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੈਪਟਨ ਦੇ ਗੜ੍ਹ ਪਟਿਆਲਾ ਪਹੁੰਚ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਦੀ ਨਬਜ਼ ਚੈੱਕ ਕੀਤੀ ਹੈ।ਚੌਧਰੀ ਨੇ ਕਿਹਾ ਮੋਦੀ ਅਤੇ ਅਮਿਤ ਸ਼ਾਹ ਦੇ ਪੰਜਾਬ ਪ੍ਰਤੀ 2022 ਦੀਆਂ ਚੋਣਾਂ ਦੇ ਏਜੰਡੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ।2022 ਦਾ ਚੋਣ ਨਤੀਜਾ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਕਰ ਦੇਵੇਗਾ।
ਪਟਿਆਲਾ ਦੇ ਸਰਕਟ ਹਾਊਸ ਪਹੁੰਚੇ ਹਰੀਸ਼ ਚੌਧਰੀ ਨੇ ਕਿਹਾ, ਅੱਜ ਦੀ ਬੈਠਕ ਦਾ ਮਕਸਦ ਸਿਰਫ਼ ਆਗੂਆਂ ਤੇ ਵਰਕਰਾਂ ਦੀ ਗੱਲ ਸੁਣਨਾ ਹੈ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਪੰਜਾਬ ਦੇ ਹਰ ਜ਼ਿਲੇ ਵਿਚ ਜਾ ਕੇ ਲੋਕਾਂ ਦੀ ਗੱਲ ਸੁਣਨਾ ਹੀ ਉਨ੍ਹਾਂ ਦਾ ਏਜੰਡਾ ਹੈ।ਪਟਿਆਲਾ ਕਾਂਗਰਸ ਵਿੱਚ ਫੇਰਬਦਲ ਸਬੰਧੀ ਸਵਾਲ ਦੇ ਜਵਾਬ ਵਿਚ ਹਰੀਸ਼ ਚੌਧਰੀ ਨੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ ਵਰਕਰਾਂ ਦੀ ਗੱਲ ਸੁਣਨਾ ਹੈ ਇਸ ਤੋਂ ਇਲਾਵਾ ਹੋਰ ਕੋਈ ਇਹ ਮੁੱਦਾ ਹੀ ਨਹੀਂ ਹੈ।
ਸਟੇਜ ਤੋਂ ਬੋਲਦਿਆਂ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਹਲਕਿਆਂ ਦੇ MLAs ਤੇ ਇੰਚਾਰਜਾਂ ਨੇ ਕਿਹਾ ਕਿ ਵਰਕਰ ਦਾ ਸਨਮਾਨ ਪਾਰਟੀ ਵਿੱਚ ਰਹਿ ਕੇ ਹੀ ਹੁੰਦਾ ਹੈ। ਇਸ ਮੌਕੇ ਸਾਰਿਆਂ ਨੇ ਹਰੀਸ਼ ਚੌਧਰੀ ਨੂੰ ਯਕੀਨ ਦਵਾਇਆ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਜਿੱਤੇਗੀ।
ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ 4 ਸਾਲਾਂ ਦੌਰਾਨ ਵਰਕਰ ਤਾਂ ਬਹੁਤ ਦੂਰ ਦੀ ਗੱਲ ਉਹ ਵਿਧਾਇਕਾਂ ਨੂੰ ਵੀ ਨਹੀਂ ਮਿਲੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ 4 ਦਹਾਕਿਆਂ ਤੋਂ ਬੜੀ ਨੇੜਤਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਵਰਕਰ ਕੈਪਟਨ ਦਾ ਨਹੀਂ ਬਲਕਿ ਪਾਰਟੀ ਨਾਲ ਖੜ੍ਹਨਗੇ।
ਇਸ ਮੌਕੇ ਜ਼ਿਲ੍ਹਾ ਪਟਿਆਲਾ ਇੰਚਾਰਜ ਰਾਜ ਕੁਮਾਰ ਵੇਰਕਾ ਨੇ ਵਰਕਰਾਂ ਨੂੰ ਦੱਸਿਆ ਕੀ ਉਹ ਹਫ਼ਤੇ ਵਿੱਚ ਘੱਟੋ-ਘੱਟ 2 ਦਿਨ ਸਰਕਟ ਹਾਊਸ ਵਿੱਚ ਬੈਠਣਗੇ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹਰ ਗੱਲ ਦੀ ਸੁਣਵਾਈ ਕਰਨਗੇ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਚੰਗੇ ਫ਼ੈਸਲੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਲਏ ਹਨ ਜੋ ਲੋਕ ਹਿਤੈਸ਼ੀ ਹਨ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪਟਿਆਲਾ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੱਲੋਂ ਇੱਥੇ ਐਤਵਾਰ ਨੂੰ ਪਲੇਠੀ ਮੀਟਿੰਗ ਕੀਤੀ ਗਈ ਹੈ।
ਹਾਲਾਂਕਿ ਇਸ ਮੀਟਿੰਗ ਤੋਂ ਪਹਿਲਾਂ ਹੀ ਸ਼ਹਿਰ ਦੇ ਮੇਅਰ ਸਮੇਤ ਹੋਰ ਅਹੁਦਿਆਂ 'ਤੇ ਫੇਰਬਦਲ ਦੀ ਚਰਚਾ ਛਿੜੀ ਹੋਈ ਹੈ ਅਤੇ ਕਈ ਕੌਂਸਲਰਾਂ ਵੱਲੋਂ ਮੇਅਰ ਬਦਲਣ ਤੱਕ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ।