Congress should explain Shamsher Singh Dullo's allegations about tickets' sale: Harpal Singh Cheema


ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਵੰਗਾਰਿਆ ਹੈ। ਚੀਮਾ ਨੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੀਆਂ ਟਿੱਕਟਾਂ ਖਰੀਦ ਦੇ ਚੋਣ ਲੜਨ ਵਾਲੇ ਆਗੂਆਂ ਦੇ ਨਾਂ ਲੋਕਾਂ ਦੀ ਕਚਿਹਰੀ ਵਿੱਚ ਰੱਖਣ, ਤਾਂ ਜੋ ਪੰਜਾਬਵਾਸੀਆਂ ਨੂੰ ਟਿੱਕਟਾਂ ਵੇਚਣ ਅਤੇ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਮਿਲ ਜਾਵੇ।


ਹਰਪਾਲ ਸਿੰਘ ਚੀਮਾ ਨੇ ਕਿਹਾ, ''ਆਖ਼ਰ ਕਾਂਗਰਸ ਦਾ ਕਾਲ਼ਾ ਚਿੱਠਾ ਲੋਕਾਂ ਸਾਹਮਣੇ ਖੁੱਲ ਹੀ ਗਿਆ ਕਿ ਕਾਂਗਰਸ ਨੇ ਮਾਫੀਆ ਅਤੇ ਘੋਟਾਲੇਬਾਜ਼ਾਂ ਨੂੰ ਟਿੱਕਟਾਂ ਵੇਚੀਆਂ ਹਨ। ਇਹ ਚਿੱਠਾ ਕਿਸੇ ਹੋਰ ਨੇ ਨਹੀਂ, ਸਗੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਹੀ ਖੋਲਿਆ ਗਿਆ ਹੈ। ਦੂਲੋਂ ਦਾ ਦਾਅਵਾ ਕਿ ਹਰੀਸ਼ ਚੌਧਰੀ (ਕਾਂਗਰਸ ਦੇ ਪੰਜਾਬ ਪ੍ਰਭਾਰੀ) ਨੇ ਪੰਜਾਬ 'ਚ ਟਿਕਟਾਂ ਵੇਚਣ ਦੀ ਦੁਕਾਨ ਚਲਾਈ ਹੈ ਅਤੇ ਉਸ ਨੇ ਟਿਕਟਾਂ ਘੋਟਾਲੇਬਾਜ਼ਾਂ, ਮਾਫੀਆ ਅਤੇ ਕੋਰੜਪਤੀਆਂ ਨੂੰ ਵੇਚੀਆਂ ਹਨ।''


ਚੀਮਾ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਟਿਕਟਾਂ ਵੇਚਣ ਦੀ ਰਿਵਾਇਤ ਨੂੰ ਕਾਇਮ ਰੱਖਿਆ ਅਤੇ ਅੱਗੇ ਵਧਾਇਆ ਹੈ। ਪੈਸੇ ਦੇ ਕੇ ਕਾਂਗਰਸ ਦੀਆਂ ਟਿਕਟਾਂ 'ਤੇ ਚੋਣ ਲੜਨ ਵਾਲੇ ਘੋਟਾਲੇਬਾਜ, ਮਾਫੀਆ ਸਰਗਣੇ ਆਪਣੇ ਖਰਚੇ ਪੈਸੇ ਵਸੂਲਣ ਦੀਆਂ ਤਰਕੀਬਾਂ ਲਾ ਰਹੇ ਹਨ, ਜਿਸ ਕਾਰਨ ਕਾਂਗਰਸ ਨੇ ਆਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਬਿਠਾ ਰੱਖਿਆ ਹੈ।


ਚੀਮਾ ਨੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਅਪੀਲ ਕੀਤੀ ਕਿ ਉਨਾਂ ਆਗੂਆਂ ਦੇ ਨਾਂਅ ਜਨਤਕ ਕਰਨ, ਜਿਨਾਂ ਨੂੰ ਕਾਂਗਰਸ ਨੇ ਟਿਕਟਾਂ ਵੇਚੀਆਂ ਹਨ, ਕਿਉਂਕਿ ਮੁੱਲ ਦੀਆਂ ਟਿਕਟਾਂ ਲੈ ਕੇ ਚੋਣ ਲੜਨ ਵਾਲੇ ਆਗੂ ਪੈਸੇ ਲੈ ਕੇ ਆਪਣਾ ਸਮਰਥਨ ਦੂਜੀ ਰਿਵਾਇਤੀ ਪਾਰਟੀ ਨੂੰ ਪਾਰਟੀ ਨੂੰ ਜ਼ਰੂਰ ਦੇਣਗੇ ਅਤੇ ਅਜਿਹੇ ਲੋਕਾਂ ਬਾਰੇ ਪੰਜਾਬ ਵਾਸੀਆਂ ਨੂੰ ਜਾਣਕਾਰੀ ਹੋਣੀ ਸਮੇਂ ਦੀ ਅਹਿਮ ਲੋੜ ਹੈ।


ਉਨਾਂ ਕਿਹਾ ਕਿ ਰਿਵਾਇਤੀ ਸਿਆਸੀ ਪਾਰਟੀਆਂ ਨੇ ਘੋਟਾਲੇਬਾਜਾਂ, ਡਰੱਗ ਮਾਫੀਆ ਅਤੇ ਕਰੋੜਪਤੀਆਂ ਨਾਲ ਗੱਠਜੋੜ ਕੀਤੇ ਹੋਏ ਹਨ ਅਤੇ ਇਹ ਪਾਰਟੀਆਂ ਸੱਤਾ ਵਿੱਚ ਆ ਕੇ ਘੋਟਾਲੇਬਾਜ਼ਾਂ ਅਤੇ ਮਾਫੀਆ ਨੂੰ ਸਰਪ੍ਰਸਤੀ ਦਿੰਦੀਆਂ ਹਨ। ਜਿਸ ਦੀ ਉਦਾਹਰਨ ਅਕਾਲੀ ਦਲ ਬਾਦਲ ਨੇ 2017 ਦੀਆਂ ਚੋਣਾ ਵੇਲੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਪੇਸ਼ ਕੀਤੀ ਸੀ ਅਤੇ ਕਾਂਗਰਸ ਨੇ ਮਾਫੀਆ ਖਿਲਾਫ਼ ਕਾਰਵਾਈ ਨਾ ਕਰਕੇ ਪੇਸ਼ ਕੀਤੀ ਹੈ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਬਾਦਲ ਦੀ ਤਰਾਂ ਹੀ ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੀ ਟੀਮ ਹੈ ਅਤੇ ਕਾਂਗਰਸ ਭਾਜਪਾ ਨਾਲ ਮਿਲ ਕੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਯਤਨਸ਼ੀਲ ਹੈ। ਕਾਂਗਰਸ, ਭਾਜਪਾ ਅਤੇ ਆਕਲੀ ਦਲ ਬਾਦਲ ਦਾ ਉਦੇਸ਼ ਪੰਜਾਬ ਸਮੇਤ ਦੇਸ਼ ਵਿੱਚ ਸੱਤਾ ਤਬਦੀਲੀ ਦੀ ਲਹਿਰ ਨੂੰ ਖ਼ਤਮ ਕਰਨਾ ਹੈ। ਇਸ ਲਈ ਕਾਂਗਰਸ ਦੇ ਉਮੀਦਵਾਰ ਮੋਟੇ ਲਾਭ ਲੈ ਕੇ ਭਾਜਪਾ ਨਾਲ ਜਾਣ ਲਈ ਤੱਤਪਰ ਹਨ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ, ਭਾਜਪਾ ਅਤੇ ਬਾਦਲਾਂ ਦੇ ਪੰਜਾਬ ਵਿਰੋਧੀ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ, ਜੋ ਸੱਤਾ ਤਬਦੀਲੀ ਦੀ ਲਹਿਰ ਨੂੰ ਰਲਮਿਲ ਕੇ ਰੋਕਣਾ ਚਾਹੁੰਦੇ ਸਨ। ਪੰਜਾਬ ਦੇ ਲੋਕਾਂ ਨੇ ਇੱਕ ਤਰਫ਼ਾ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ ਅਤੇ ਇਸ ਦੀ ਪੁਸ਼ਟੀ ਸਾਰੇ ਚੋਣ ਸਰਵੇਖਣ ਕਰ ਰਹੇ ਹਨ। ਪਰ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੋਰ ਵੀ ਹੈਰਾਨੀਜ਼ਨਕ ਹੋਣਗੇ, ਜੋ 'ਆਪ' ਦਾ ਝੰਡਾ ਬੁਲੰਦ ਕਰਨਗੇ।


ਇਹ ਵੀ ਪੜ੍ਹੋ: ਯੂਕਰੇਨ ਦੇ ਖ਼ਤਰੇ 'ਚ ਹਰਿਆਣਾ ਦੇ ਕਰੀਬ 600 ਵਿਦਿਆਰਥੀ ਅਜੇ ਵੀ ਫਸੇ, ਘਰ ਪਰਤੇ 1234 ਬੱਚੇ