ਗੁਰਦਾਸਪੁਰ: ਪੰਜਾਬ ਭਰ ਦੇ ਠੇਕੇ ਉਤੇ ਕੰਮ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁਲਾਜ਼ਮਾਂ ਦੇ ਹੱਕ ਵਿਚ ਸਮਰਥਨ ਦਿੰਦਿਆਂ ਹੋਇਆ ਕਸਬਾ ਕਾਦੀਆਂ ਵਿਚ ਕੈਬਿਨੇਟ ਮੰਤਰੀ ਤ੍ਰਿਪਤ ਬਾਜਵਾ ਦੀ ਕੋਠੀ ਦਾ ਘਿਰਾਓ ਕਰਦਿਆਂ ਹੋਏ ਰਾਤ ਨੂੰ ਜਾਗੋ ਕੱਡੀ ਗਈ। ਇਕ ਜਾਗੋ ਮੰਤਰੀ ਬਾਜਵਾ ਦੀ ਕੋਠੀ ਤੋਂ ਸ਼ੁਰੂ ਹੋਈ ਅਤੇ ਕਾਦੀਆਂ ਸ਼ਹਿਰ ਦਾ ਚੱਕਰ ਲਗਾਇਆ ਗਿਆ।


ਜਾਗੋ ਦੌਰਾਨ ਬੀਬੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਬੋਲੀਆਂ ਪਾਈਆਂ। 28 ਜਥੇਬੰਦੀਆਂ ਦੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਮੁਲਾਜ਼ਮ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਧਰਨੇ ਵਿਚ ਪਹੁੰਚੇ ਸਨ। ਇਸ ਮੌਕੇ ਰੋਸ ਮਾਰਚ ਕਰਦੇ ਹੋਏ ਠੇਕਾ ਮੁਲਾਜ਼ਮਾਂ ਵੱਲੋਂ ਕੈਬਨਿਟ ਮੰਤਰੀ ਬਾਜਵਾ ਦੀ ਰਿਹਾਇਸ਼ ਦੇ ਸਾਹਮਣੇ 24 ਘੰਟਿਆਂ ਲਈ ਰੋਸ ਧਰਨਾ ਵੀ ਸ਼ੁਰੂ ਕੀਤਾ ਗਿਆ ਹੈ।


ਧਰਨਾ ਪ੍ਰਦਰਸ਼ਨ ਕਰ ਰਹੇ ਪ੍ਰਦੀਪ ਕੁਮਾਰ ਸਮਰਾ, ਕੁਲਦੀਪ ਸਿੰਘ ਅਤੇ ਰਾਜਵਿੰਦਰ ਕੌਰ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਮੰਤਰੀ ਬਾਜਵਾ ਦੀ ਕੋਠੀ ਤੋਂ ਵਿਧਾਨਸਭਾ ਹਲਕਾ ਕਾਦੀਆਂ ਸ਼ਹਿਰ ਦਾ ਚੱਕਰ ਲਗਾ ਕੇ ਜਾਗੋ ਕੱਡੀ ਗਈ ਹੈ। ਇਹ ਜਾਗੋ ਕੱਢਣ ਦਾ ਮਕਸਦ ਸੁੱਤੇ ਹੋਏ ਮੰਤਰੀਆਂ ਨੂੰ ਜਗਾਉਣਾ ਹੈ, ਤਾਂ ਕਿ ਸਾਡੀਆਂ ਮੰਗਾ ਪੂਰੀਆਂ ਹੋ ਸਕਣ। 


ਉਨ੍ਹਾਂ ਦਾ ਕਹਿਣਾ ਹੈ ਕਿ ਠੇਕੇ 'ਤੇ ਰੱਖੇ ਗਏ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਜੋ ਤਨਖਾਹ ਦਿੱਤੀ ਜਾ ਰਹੀ ਹੈ, ਉਸ ਨਾਲ ਘਰ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾ, ਠੇਕਾ ਮੁਲਾਜ਼ਮਾਂ ਦੀ ਛਾਂਟੀ ਬੰਦ ਕਰੋ, ਜਲ ਸਪਲਾਈ ਦੇ ਠੇਕੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਪੱਕਾ ਕਰੋ, ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੱਲੋਂ ਜਥੇਬੰਦੀ ਨਾਲ ਕੀਤੀਆਂ ਮੀਟਿੰਗਾਂ ਵਿਚ ਕੀਤੇ ਫੈਸਲੇ ਲਾਗੂ ਕਰੋ।


ਜਲ ਸਪਲਾਈ ਵਿਭਾਗ ਦੇ ਵਰਕਰਾਂ ਨੂੰ 2 ਵੇਜਿਜ਼ 2215 ਹੈਡ ਵਿਚੋਂ ਹੀ ਤਨਖਾਹ ਦਿਓ, ਐਮਰਜੈਂਸੀ ਦੇ ਹਾਲਾਤਾਂ ਵਿਚ ਡਿਓਟੀਆਂ ਕਰਨ ਵਾਲੇ ਠੇਕਾ ਮੁਲਾਜ਼ਮਾਂ ਨੂੰ ਸਹੂਲਤਾਂ ਦੇਣ ਦਾ ਪ੍ਰਬੰਧ ਕਰੋ, ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ, ਨਿੱਜੀਕਰਨ ਬੰਦ ਕਰੋ, ਸਰਕਾਰ ਲੋਕਾਂ ਦੇ ਪੀਣ ਦੇ ਪਾਣੀ ਦਾ ਖੁਦ ਪ੍ਰਬੰਧ ਕਰੇ। ਇਨ੍ਹਾਂ ਮੰਗਾਂ ਵਿਚੋਂ ਕਈ ਮੰਗਾ ਸਰਕਾਰ ਮੰਨ ਵੀ ਚੁੱਕੀ ਹੈ ਪਰ ਲਾਗੂ ਨਹੀਂ ਕਰ ਰਹੀ।


ਜੇਕਰ ਸਰਕਾਰ ਨੇ ਇਨ੍ਹਾਂ ਮੰਗਾ ਨੂੰ ਲਾਗੂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਨਿੱਜੀ ਕੰਪਨੀਆਂ ਬਣਾ ਕੇ ਉਨ੍ਹਾਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ਅਤੇ ਠੇਕਾ ਆਧਾਰਤ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।