ਪਟਿਆਲਾ: ਪੰਜਾਬ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੀ ਨਵੀਂ ਨਾਭਾ ਜੇਲ੍ਹ 'ਚ 46 ਮਹਿਲਾ ਕੈਦੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਮਹਿਲਾ ਕੈਦੀਆਂ ਨੂੰ ਕੋਵਿਡ ਕੈਦੀਆਂ ਲਈ ਬਣਾਈ ਮਲੇਰਕੋਟਲਾ ਜੇਲ੍ਹ 'ਚ ਸ਼ਿਫ਼ਟ ਕੀਤਾ ਜਾਵੇਗਾ।

ਹਾਸਲ ਜਾਣਕਾਰੀ ਅਨੁਸਾਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਮਹਿਲਾ ਬੈਰਕ 'ਚ ਇਸ ਸਮੇਂ ਲਗਪਗ 100 ਕੈਦੀ ਹਨ। ਸੀਐਮਓ ਦੱਸਿਆ ਕਿ ਇਨ੍ਹਾਂ ਮਹਿਲਾ ਕੈਦੀਆਂ ਦੀ ਰੂਟੀਨ ਜਾਂਚ ਦੌਰਾਨ ਕੋਵਿਡ ਟੈਸਟ ਲਈ ਸੈਂਪਲ ਲਿਆ ਗਿਆ ਸੀ। ਰਿਪੋਰਟ 'ਚ ਮੰਗਲਵਾਰ ਨੂੰ 100 ਵਿੱਚੋਂ 46 ਕੈਦੀ ਪਾਜ਼ੀਟਿਵ ਪਾਏ ਗਏ। ਰਿਪੋਰਟ ਆਉਣ ਤੋਂ ਬਾਅਦ ਜੇਲ ਪ੍ਰਸ਼ਾਸਨ 'ਚ ਤਰਥੱਲੀ ਮੱਚ ਗਈ। ਔਰਤਾਂ ਦੀਆਂ ਬੈਰਕਾਂ 'ਚ ਸੁਰੱਖਿਆ ਡਿਊਟੀ 'ਚ ਤਾਇਨਾਤ ਸਟਾਫ਼ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੇਲ 'ਚ ਬੰਦ 500 ਦੇ ਕਰੀਬ ਮਰਦ ਕੈਦੀਆਂ ਦੇ ਸੈਂਪਲ ਵੀ ਲਏ ਜਾ ਰਹੇ ਹਨ।

ਸਿਵਲ ਸਰਜਨ ਨੇ ਕਿਹਾ ਕਿ ਸਾਰੀਆਂ ਮਹਿਲਾ ਕੈਦੀਆਂ, ਜੋ ਪਾਜ਼ੀਟਿਵ ਆਈਆਂ ਹਨ, ਨੂੰ ਕੋਵਿਡ ਕੈਦੀਆਂ ਲਈ ਬਣਾਈ ਮਲੇਰਕੋਟਲਾ ਜੇਲ 'ਚ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤ ਮਹਿਲਾ ਕੈਦੀਆਂ ਦੀ ਹਾਲਤ ਸਥਿਰ ਹੈ। ਜੇ ਵਿਭਾਗ ਨੇ ਜੇਲ 'ਚ ਰੂਟੀਨ ਸੈਂਪਲਿੰਗ ਨਾ ਕਰਵਾਈ ਹੁੰਦੀ ਤਾਂ ਸ਼ਾਇਦ ਇਨ੍ਹਾਂ ਪੀੜਤ ਕੈਦੀਆਂ ਨੂੰ ਇਸ ਬਾਰੇ ਪਤਾ ਹੀ ਨਾ ਲੱਗਦਾ।

ਇਸ ਤੋਂ ਪਹਿਲਾਂ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸੰਸਦ ਮੈਂਬਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਬਿੱਟੂ ਨੇ ਟਵੀਟ ਕੀਤਾ ਸੀ ਕਿ ਉਸ ਨੇ ਕੋਰੋਨਾ ਦੇ ਲੱਛਣ ਨਜ਼ਰ ਆਉਣ 'ਤੇ ਟੈਸਟ ਕਰਵਾਇਆ ਸੀ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਬਿੱਟੂ ਨੇ ਲਿਖਿਆ ਕਿ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ਸਥਿਤੀ 'ਚ ਸਾਰੀਆਂ ਸਾਵਧਾਨੀਆਂ ਵਰਤੋ।

ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਨੇ ਪੰਜਾਬ 'ਚ 69 ਲੋਕਾਂ ਦੀ ਜਾਨ ਲੈ ਲਈ। ਇਸ ਤੋਂ ਇਲਾਵਾ 37,389 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 2963 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ