ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵਧ ਰਹੀ ਹੈ ਤੇ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਪੌਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਟ੍ਰੇਸ ਕਰਨਾ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ 52 ਫੀਸਦ ਮਾਮਲਿਆਂ 'ਚ ਪੀੜਤਾਂ ਨੂੰ ਆਪਣੀ ਇਨਫੈਕਸ਼ਨ ਦੇ ਸੋਰਸ ਦਾ ਹੀ ਪਤਾ ਨਹੀਂ। ਇਨ੍ਹਾਂ ਸਮੱਸਿਆਵਾਂ ਸਾਹਮਣੇ ਸਿਹਤ ਮਹਿਕਮਾ ਵੀ ਬੇਵੱਸ ਨਜ਼ਰ ਆ ਰਿਹਾ ਹੈ।


ਸਿਹਤ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਵੱਡੀ ਸੰਖਿਆ ਵਿੱਚ ਅਜਿਹੇ ਮਰੀਜ਼ ਹਨ ਜੋ ਆਪਣੇ ਕਾਨਟੈਕਟ ਦੀ ਸਹੀ ਜਾਣਕਾਰੀ ਸ਼ੇਅਰ ਨਹੀਂ ਕਰ ਰਹੇ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਪੌਜ਼ੇਟਿਵ ਮਰੀਜ਼ ਦੇ 30 ਕਾਨਟੈਕਟ ਟ੍ਰੇਸ ਕਰਨ ਦਾ ਟੀਚਾ ਦਿੱਤਾ ਹੈ ਪਰ ਵਿਭਾਗ 17 ਤੋਂ ਅੱਗੇ ਨਹੀਂ ਵੱਧ ਪਾ ਰਿਹਾ ਹੈ।


ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ ਸਿਹਤ ਵਿਭਾਗ ਨੂੰ ਤਿੰਨ ਵੱਡੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾ ਕਾਨਟੈਕਟ ਟ੍ਰੇਸਿੰਗ, ਦੂਜਾ ਲੱਛਣ ਹੋਣ ਦੇ ਬਾਵਜੂਦ ਲੋਕ ਟੈਸਟ ਕਰਵਾਉਣ ਤੋਂ ਕਤਰਾ ਰਹੇ ਹਨ ਤੇ ਤੀਸਰਾ ਸਹੀ ਜਾਣਕਾਰੀ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ''ਜੇਕਰ ਇੱਕ ਜ਼ਿਲ੍ਹੇ ਵਿੱਚ 500 ਪੌਜ਼ੇਟਿਵ ਮਰੀਜ਼ ਆਏ ਤਾਂ ਉਸ ਦੇ 20 ਕਾਨਟੈਕਟ ਨੂੰ ਹੀ ਲੱਭਣ ਦਾ ਮਤਲਬ ਹੈ 10,000 ਲੋਕਾਂ ਨੂੰ ਲੱਭਣਾ ਤੇ ਇਹ ਸਿਲਸਿਲਾ ਕਈ ਵਾਰ ਗੁਣਾਤਮਕ ਰੂਪ ਨਾਲ ਵੱਧ ਜਾਂਦਾ ਹੈ।


ਉਨ੍ਹਾਂ ਕਿਹਾ ਕਿ ਇਹ ਕੰਮ ਉਦੋਂ ਹੋਰ ਮੁਸ਼ਕਲ ਹੋ ਜਾਂਦਾ ਹੈ ਜਦੋਂ ਮਰੀਜ਼ ਸਹੀ ਜਾਣਕਾਰੀ ਨਾ ਦੇਵੇ। ਇਹੀਂ ਨਹੀਂ ਮਰੀਜ਼ ਸਿਹਤ ਵਿਭਾਗ ਦੁਆਰਾ ਕੀਤੇ ਜਾ ਰਹੇ ਫੋਨ ਨੂੰ ਵੀ ਅਟੈਂਡ ਨਹੀਂ ਕਰਦੇ ਹਨ। ਉੱਥੇ ਹੀ ਕਈ ਲੋਕ ਤਾਂ ਮੋਬਾਈਲ ਨੰਬਰ ਹੀ ਗਲਤ ਦੱਸ ਰਹੇ ਹਨ। ਅਜਿਹੇ ਵਿੱਚ ਮਰੀਜ਼ ਦੇ ਸੰਪਰਕ ਨੂੰ ਟ੍ਰੇਸ ਕਰ ਪਾਉਣਾ ਆਸਾਨ ਨਹੀਂ ਹੈ।


ਹੁਸਨ ਲਾਲ ਦੱਸਦੇ ਹਨ, ''ਅਜੇ ਵੀ ਬਹੁਤ ਸਾਰੇ ਮਰੀਜ਼ ਵਾਇਰਸ ਦੇ ਲੱਛਣ ਹੋਣ ਦੇ ਬਾਵਜੂਦ ਟੈਸਟ ਨਹੀਂ ਕਰਵਾ ਰਹੇ ਹਨ। ਲੱਛਣ ਵਾਲੇ ਮਰੀਜ਼ ਟੈਸਟ ਕਰਵਾਉਂਦੇ ਨਹੀਂ ਹਨ ਤੇ ਹੋਰਨਾ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਨਾਲ ਮਰੀਜ਼ਾਂ ਵਿੱਚ ਗੁਣਾਤਮਕ ਵਾਧਾ ਹੋ ਜਾਂਦਾ ਹੈ।''


ਉੱਥੇ ਹੀ ਸਿਹਤ ਵਿਭਾਗ ਦੀ ਮੰਗ ਉੱਤੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਅਧਿਆਪਕਾਂ ਨੂੰ ਪੌਜ਼ੇਟਿਵ ਕੇਸਾਂ ਦੇ ਕਾਨਟੈਕਟ ਲੱਭਣ ਵਿੱਚ ਸਹਿਯੋਗ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਹ ਡਿਪਟੀ ਕਮਿਸ਼ਨਰ ਦੇ ਪੱਧਰ ਉੱਤੇ ਵੇਖਿਆ ਜਾਵੇਗਾ ਕਿ ਉਹ ਅਧਿਆਪਕਾਂ ਤੋਂ ਕੰਮ ਕਿਵੇਂ ਲੈਂਦੇ ਹਨ। ਦੂਜੇ ਪਾਸੇ ਸਿਹਤ ਵਿਭਾਗ ਦੀ ਯੋਜਨਾ ਹੈ ਕਿ ਪੌਜ਼ੇਟਿਵ ਕੇਸ ਆਉਣ ਉੱਤੇ ਮਰੀਜ਼ ਦੇ ਨਾਮ ਤੇ ਕਾਨਟੈਕਟ ਨੰਬਰ ਅਧਿਆਪਕਾਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇ। ਉਸ ਤੋਂ ਬਾਅਦ ਅਧਿਆਪਕ ਉਨ੍ਹਾਂ ਦੇ ਕਾਨਟੈਕਟ ਟ੍ਰੇਸ ਕਰਨਗੇ।