ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਕੈਪਟਨ ਸਰਕਾਰ ਸਖਤ ਹੋ ਗਈ ਹੈ। ਕੋਵਿਡ-19 ਦੇ ਫੈਲਾਅ ਦੀ ਰੋਕਥਾਮ ਲਈ ਸਰਕਾਰ ਨੇ ਦੂਜੇ ਸੂਬਿਆਂ ’ਚੋਂ ਪੰਜਾਬ ’ਚ ਦਾਖਲ ਹੋਣ ਵਾਲਿਆਂ ’ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਹਨ।


ਦੂਜੇ ਸੂਬਿਆਂ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਆਉਣ ਵਾਲਿਆਂ ਦੀ ਜਾਂਚ ਕੀਤੇ ਜਾਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ਦਰਅਸਲ ਹਰਿਆਣਾ ਤੇ ਦਿੱਲੀ 'ਚੋਂ ਰਜ਼ਾਨਾ ਵੱਡੀ ਗਿਣਤੀ ਵਾਹਨ ਸੂਬੇ 'ਚ ਦਾਖ਼ਲ ਹੋ ਰਹੇ ਹਨ। ਸ਼ੁੱਕਰਵਾਰ 6,500 ਵਾਹਨ ਪੰਜਾਬ 'ਚ ਦਾਖ਼ਲ ਹੋਏ ਸਨ। ਜਿਸ ਨਾਲ ਕਰੀਬ 20 ਹਜ਼ਾਰ ਨਵੇਂ ਲੋਕ ਪੰਜਾਬ ਆਏ ਹਨ।


ਕੈਪਟਨ ਨੇ ਵੀਡੀਓ ਕਾਨਫਰੰਸਿੰਗ 'ਚ ਕਿਹਾ ਕਿ ਬਾਹਰੋਂ ਆਉਣ ਵਾਲੇ ਪੰਜਾਬੀਆਂ ਦਾ ਇਲਾਜ ਲਈ ਪੰਜਾਬ 'ਚ ਸੁਆਗਤ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੀ ਮੁੜ ਫੜੀ ਰਫ਼ਤਾਰ ਤੋਂ ਬਾਅਦ ਸੂਬਾ ਸਰਕਾਰ ਇੱਕ ਵਾਰ ਫਿਰ ਸਖਤੀ 'ਚ ਹੈ। ਕੈਪਟਨ ਨੇ ਕਿਹਾ ਕਿ ਦੁਬਈ ਤੇ ਹੋਰ ਥਾਵਾਂ ਤੋਂ ਲੋਕਾਂ ਦੇ ਅੰਮ੍ਰਿਤਸਰ ਪਹੁੰਚਣ ਤੋਂ ਇਲਾਵਾ ਰੇਲ ਗੱਡੀਆਂ ਦਾ ਸਫ਼ਰ ਵੀ ਇੱਥੇ ਆ ਕੇ ਖਤਮ ਹੁੰਦਾ ਹੈ। ਇਸ ਲਈ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਜ਼ਿਆਦਾ ਕੇਸ ਵਧ ਰਹੇ ਹਨ।


ਪੰਜਾਬ ਸਰਕਾਰ ਨੇ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਤੇ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰੇਲੂ ਏਕਾਂਤਵਾਸ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ। ਡਿਪਟੀ ਕਮਿਸ਼ਨਰਾਂ ਨੂੰ ਸਾਰੀਆਂ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਨੂੰ ਹਫਤੇ ਦੇ ਅੰਤਲੇ ਦਿਨਾਂ ਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਵਿੱਚ ਸਾਮਾਨ ਦੀ ਹੋਮ ਡਿਲੀਵਰੀ ਦੀ ਸਹੂਲਤ ਹੋਵੇਗੀ। ਉਦਯੋਗਿਕ ਗਤੀਵਿਧੀ ’ਤੇ ਕੋਈ ਪਾਬੰਦੀ ਨਹੀਂ ਲਾਈ ਗਈ।


ਪੰਜਾਬ ਵਿੱਚ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਡੀਸੀ ਨੂੰ ਉਸ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ 11 ਸਾਲਾਂ ਦੇ ਪੋਤੇ ਨਾਲ ਕਿਰਾਏ ਦੀ ਘਰ ਵਿੱਚ ਰਹਿ ਰਹੀ ਹੈ।


ਪੰਜਾਬ 'ਚ ਇਕ ਬਰੇਕ ਤੋਂ ਬਾਅਦ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ ਜਿਸ ਤੋਂ ਬਾਅਦ ਹੀ ਹਾਲਾਤ ਦੇਖਦਿਆਂ ਸਖ਼ਤੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।