Faridkot News: ਪੰਜਾਬ ਸਮੇਤ ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਫ਼ਰੀਦਕੋਟ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ। ਇੱਥੇ ਤਾਏ ਦੇ ਮੁੰਡੇ ਨੇ ਨਾਬਾਲਗ ਭੈਣ ਨਾਲ ਜਬਰ-ਜ਼ਿਨਾਹ ਕਰਕੇ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ।

ਹਾਸਲ ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ 'ਚ ਆਪਣੇ ਘਰ ਵਿੱਚ ਸੁੱਤੀ ਪਈ ਨਾਬਾਲਿਗ ਕੁੜੀ ਨੂੰ ਅੱਧੀ ਰਾਤ ਨੂੰ ਘਰ ਦੇ ਨਾਲ ਸਫੈਦਿਆਂ ਵਿੱਚ ਲਿਜਾ ਕੇ ਉਸ ਦੇ ਤਾਏ ਦੇ ਮੁੰਡੇ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਥਾਣਾ ਸਦਰ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੀੜਤ ਕੁੜੀ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਪਿਤਾ ਤੇ ਭਰਾ ਨਾਲ ਰਹਿ ਰਹੀ ਹੈ।

 

ਇਹ ਵੀ ਪੜ੍ਹੋ : ਯੂ.ਕੇ ਦਾ ਵਿਦਿਆਰਥੀਆਂ ਨੂੰ ਝਟਕਾ ! ਹੁਣ ਨਾਲ ਨਹੀਂ ਲਜਾ ਸਕਣਗੇ ਜੀਵਨ ਸਾਥੀ, ਸਪਾਊਸ ਵੀਜ਼ਾ 'ਤੇ ਲਾਈ ਪਾਬੰਦੀ

ਉਸ ਨੇ ਦੱਸਿਆ ਕਿ ਰਾਤ ਸਮੇਂ ਰੋਟੀ ਖਾ ਕੇ ਜਦੋਂ ਉਸ ਦਾ ਭਰਾ ਤੇ ਪਿਤਾ ਘਰ ਦੇ ਵਿਹੜੇ ਵਿੱਚ ਤੇ ਉਹ ਇੱਕ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਰਾਤ ਕਰੀਬ 2 ਵਜੇ ਉਸ ਦੇ ਤਾਏ ਦਾ ਮੁੰਡਾ ਲਖਵਿੰਦਰ ਸਿੰਘ ਤੇ ਇੱਕ ਹੋਰ ਨਾਮਾਲੂਮ ਵਿਅਕਤੀ ਉਸ ਦੇ ਕਮਰੇ ਵਿੱਚ ਆ ਗਏ। ਇਸ ਦੌਰਾਨ ਉਹ ਉਸ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਸ ਨੂੰ ਘਰ ਦੇ ਨਾਲ ਲੱਗਦੇ ਸਫੈਦਿਆਂ ਵਿੱਚ ਲੈ ਗਏ, ਜਿੱਥੇ ਅਣਪਛਾਤੇ ਵਿਅਕਤੀ ਨੇ ਕੁੜੀ ਦੀਆਂ ਬਾਹਾਂ ਫੜ੍ਹ ਲਈਆਂ ਤੇ ਲਖਵਿੰਦਰ ਸਿੰਘ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਸ ਨੂੰ ਕਿਸੇ ਨੂੰ ਦੱਸਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਬੀਤੀ ਰਾਤ ਇਕ 11 ਸਾਲ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਕੁੜੀ ਦੀ ਭੂਆ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਆਪਣੇ 3 ਬੱਚਿਆਂ ਨਾਲ ਰਹਿੰਦਾ ਹੈ ਅਤੇ ਭਰਜਾਈ ਆਪਣੇ ਮਾਪਿਆਂ ਦੇ ਰਹਿੰਦੀ ਹੈ। ਉਸ ਦਾ ਭਰਾ ਕੱਪੜੇ ਵੇਚਣ ਲਈ ਪੰਜਾਬ ਤੋਂ ਬਾਹਰ ਵੀ ਜਾਂਦਾ ਰਹਿੰਦਾ ਹੈ। ਉਸ ਦੀ ਭਤੀਜੀ ਨੇ ਬੀਤੇ ਦਿਨੀਂ ਉਸ ਨੂੰ ਦੱਸਿਆ ਕਿ ਜਦੋਂ ਉਸ ਦਾ ਪਿਤਾ ਬਾਹਰ ਗਿਆ ਹੋਇਆ ਸੀ ਤਾਂ ਉਸ ਦੇ ਘਰ ਦੇ ਨਾਲ ਰਹਿਣ ਵਾਲੇ ਇਕ ਵਿਅਕਤੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।