ਬਰਨਾਲਾ: ਵੱਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਵਿਚਾਲੇ ਖੇਤੀ ਮੋਟਰਾਂ ਤੇ ਘਰਾਂ ਦੀ ਬਿਜਲੀ ਸਪਲਾਈ ਤੋਂ ਲੋਕ ਪ੍ਰੇਸ਼ਾਨ ਹਨ। ਪੰਜਾਬ ਅੰਦਰ ਬਿਜਲੀ ਸੰਕਟ ਬਣਿਆ ਹੋਇਆ ਹੈ ਤੇ ਲੱਗ ਰਹੇ ਲੰਬੇ ਲੰਬੇ ਕੱਟਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾ ਰਹੇ ਹਨ।

ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਭਰ ਦੇ 18 ਜ਼ਿਲ੍ਹਾ ਕੇਂਦਰਾਂ ਤੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ।

ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬਾ ਲੀਡਰਸ਼ਿਪ ਦੀ ਕਾਲ ਤੇ ਉਗਰਾਹਾਂ ਜਥੇਬੰਦੀਆਂ ਵੱਲੋਂ ਵਧ ਰਹੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਪਿਛਲੇ ਦੋ ਮਹੀਨਿਆਂ ਤੋਂ ਹਰ ਰੋਜ਼ ਵਧ ਰਹੀ ਹੈ। ਪੈਟਰੋਲ 100 ਦਾ ਅੰਕੜਾ ਪਾਰ ਕਰ ਗਿਆ ਹੈ ਤੇ ਡੀਜ਼ਲ 90 ਦਾ ਅੰਕੜਾ ਪਾਰ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਹਰ ਇੱਕ ਵਸਤੂ ਦੀ ਮਹਿੰਗਾਈ ਵਧ ਰਹੀ ਹੈ। ਇਸ ਮਹਿੰਗਾਈ ਦੀ ਚੱਕੀ ਵਿਚ ਆਮ ਆਦਮੀ ਪਿਸ ਰਿਹਾ ਹੈ।

ਆਮ ਆਦਮੀ ਦਾ ਆਪਣੀ ਰਸੋਈ ਦਾ ਬਜਟ ਵੀ ਹਿੱਲ ਚੁੱਕਾ ਹੈ। ਇਸ ਨਾਲ ਇੱਕਲੇ ਕਿਸਾਨ ਨਹੀਂ ਮਜ਼ਦੂਰਾਂ ਵਪਾਰੀਆਂ ਤੇ ਹਰੇਕ ਵਰਗ ਨੂੰ ਧੱਕਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਰਗ ਦੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੋਇਆ ਤੇ ਖਰਚੇ ਵਿੱਚ ਲਗਾਤਾਰ ਦਿਨ ਪ੍ਰਤੀ ਦਿਨ ਵਾਧੇ ਹੋ ਰਹੇ ਹਨ।