Electricity Demand Increased: ਮਈ ਸ਼ੁਰੂ ਹੁੰਦੇ ਹੀ ਬਿਜਲੀ ਦੀ ਖਪਤ ਤੇਜ਼ੀ ਨਾਲ ਵਧੀ ਹੈ। ਸਿਰਫ 5 ਦਿਨਾਂ 'ਚ ਹੀ ਬਿਜਲੀ ਦੀ ਮੰਗ 975 ਮੈਗਾਵਾਟ ਵਧ ਗਈ ਹੈ। ਪਹਿਲੀ ਮਈ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 8857 ਮੈਗਾਵਾਟ ਸੀ, ਜੋ ਮੰਗਲਵਾਰ ਨੂੰ 9832 ਮੈਗਾਵਾਟ ਦੇ ਰਿਕਾਰਡ ਨੂੰ ਪਾਰ ਕਰ ਗਈ। ਪਿਛਲੇ ਸਾਲ ਮਈ ਦੇ ਪਹਿਲੇ 7 ਦਿਨਾਂ ਵਿੱਚ ਪੰਜਾਬ ਵਿੱਚ 7267 ਮੈਗਾਵਾਟ ਬਿਜਲੀ ਦੀ ਖਪਤ ਹੋਈ ਸੀ।
ਇਸ ਵਾਰ ਮਈ ਦੇ ਪਹਿਲੇ ਸੱਤ ਦਿਨਾਂ ਵਿੱਚ ਇਹ ਅੰਕੜਾ 10 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਅਪ੍ਰੈਲ ਦੇ ਆਖਰੀ ਦਿਨਾਂ ਤੱਕ 8 ਤੋਂ 9 ਹਜ਼ਾਰ ਮੈਗਾਵਾਟ ਬਿਜਲੀ ਦੀ ਖਪਤ ਹੁੰਦੀ ਸੀ।
ਬਿਜਲੀ ਦੀ ਖਪਤ ਵਧਣ ਦਾ ਕਾਰਨ ਮਈ ਦੇ ਸ਼ੁਰੂਆਤੀ ਦਿਨਾਂ ਵਿੱਚ ਮੀਂਹ ਨਾ ਪੈਣ ਕਾਰਨ ਪੈ ਰਹੀ ਗਰਮੀ ਹੈ। ਇਸ ਕਾਰਨ ਲੋਕ ਏ.ਸੀ, ਕੂਲਰ, ਪੱਖਿਆਂ ਦੀ ਵਰਤੋਂ ਕਰ ਰਹੇ ਹਨ। ਦੂਜਾ ਵੱਡਾ ਕਾਰਨ ਇਹ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਹੁਣ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਹਨ।
ਕਿਸਾਨਾਂ ਨੂੰ ਦਿਨ ਅਤੇ ਰਾਤ 3 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਪਾਵਰਕੌਮ ਲਈ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰੀ ਖੇਤਰ ਦੇ ਤਿੰਨ ਥਰਮਲ ਪਲਾਂਟਾਂ ਦੇ ਚਾਰ ਯੂਨਿਟ ਤਕਨੀਕੀ ਖਰਾਬੀ ਆਉਣ ਕਾਰਨ ਬੰਦ ਪਏ ਹੋਏ ਹਨ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸਰਕਾਰੀ ਖੇਤਰ ਦੇ ਜੀਵੀਕੇ ਥਰਮਲ ਪਲਾਂਟ ਦੇ 540 ਮੈਗਾਵਾਟ ਦੇ ਦੋਵੇਂ ਯੂਨਿਟ ਅਤੇ ਰੋਪੜ-ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 1-1 ਯੂਨਿਟ ਬੰਦ ਹੈ। ਇਹ ਦੋਵੇਂ 210-210 ਮੈਗਾਵਾਟ ਬਿਜਲੀ ਪੈਦਾ ਕਰਦੇ ਹਨ। ਇਨ੍ਹਾਂ ਸਾਰੇ ਯੂਨਿਟਾਂ ਦੇ ਬੰਦ ਹੋਣ ਕਾਰਨ 960 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ।
ਬੀਤੇ ਦਿਨ ਪੰਜਾਬ ਭਰ ਦੇ 62 ਫੀਡਰ ਰੱਖ-ਰਖਾਅ ਅਤੇ ਨੁਕਸ ਸੁਧਾਰਨ ਦੇ ਨਾਂ ’ਤੇ ਬੰਦ ਰਹੇ। ਔਸਤਨ 3-4 ਘੰਟੇ ਦੇ ਲੰਬੇ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਰੇ ਥਰਮਲ ਪਲਾਂਟਾਂ ਸਮੇਤ ਹਾਈਡਰੋ ਪ੍ਰਾਜੈਕਟਾਂ ਤੋਂ ਕੁੱਲ 5046 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ। ਬਿਜਲੀ ਦੀ ਬਾਕੀ ਸਪਲਾਈ ਕੇਂਦਰੀ ਪੂਲ ਅਤੇ ਓਪਨ ਐਕਸਚੇਂਜ ਮਾਰਕੀਟ ਤੋਂ ਖਰੀਦੀ ਗਈ ਸੀ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ ਵਿੱਚ ਬਦਲਾਅ ਨਾਲ ਬਿਜਲੀ ਦੀ ਮੰਗ ਵਧੀ ਹੈ। ਖਪਤਕਾਰਾਂ ਨੂੰ ਵੀ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ। ਫਿਲਹਾਲ ਬਿਜਲੀ ਦੀ ਸਥਿਤੀ ਕਾਬੂ ਹੇਠ ਹੈ। ਅਸੀਂ ਕਿਸਾਨਾਂ ਨੂੰ 3-4 ਘੰਟੇ ਬਿਜਲੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ।