ਚੰਡੀਗੜ੍ਹ: ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਦੀ ਹਵਾ ਖਾ ਰਿਹਾ ਹੈ। ਪਰ ਉਹ ਅਜਿਹਾ ਕਰਦਾ ਕਿੰਝ ਸੀ ਇਸ ਦਾ ਪਤਾ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਕੋਲ ਦਰਜ ਕੀਤੇ ਗਏ ਪੀੜਤਾ ਦੇ ਬਿਆਨਾਂ ਤੋਂ ਪਤਾ ਲੱਗਾ ਹੈ। ਉਹ ਸਾਧਵੀਆਂ ਨੂੰ ਕਹਿੰਦਾ ਸੀ ਕਿ ਤੁਸੀਂ ਆਪਣਾ ਤਨ ਉਸ ਨੂੰ ਸੌਂਪ ਦਿਓ, ਤੁਹਾਡਾ ਤੁਹਾਡੇ ਸਰੀਰ 'ਤੇ ਕੋਈ ਹੱਕ ਨਹੀਂ। ਇਸ ਲਈ ਉਹ ਜਿਸ ਤਰ੍ਹਾਂ ਚਾਹੇ ਇਸ ਨੂੰ ਵਰਤ ਸਕਦਾ ਹੈ।

ਰਾਮ ਰਹੀਮ ਸਾਧਵੀਆਂ ਨੂੰ ਕਹਿੰਦਾ ਸੀ ਕਿ ਤੁਸੀਂ 'ਅਪਵਿੱਤਰ' ਹੋ ਗਈਆਂ ਹੋ, ਤੁਹਾਡੇ ਪੁਰਾਣੇ ਪਾਪਾਂ ਤੋਂ ਉਹ ਜੋ ਵੀ ਤੁਹਾਡੇ ਸਰੀਰ ਨਾਲ ਕਰੇਗਾ ਉਹ ਉਨ੍ਹਾਂ ਨੂੰ 'ਪਵਿੱਤਰ' ਕਰ ਦੇਵੇਗਾ ਤੇ ਤੁਹਾਨੂੰ ਮੁਆਫੀ ਮਿਲ ਜਾਵੇਗੀ। ਇਸ ਤੋਂ ਇਲਾਵਾ ਡੇਰਾ ਮੁਖੀ ਬਲੈਕਮੇਲਿੰਗ ਕਰਨ ਦੇ ਹਥਕੰਡੇ ਵੀ ਵਰਤਦਾ ਸੀ।

ਪੀੜਤ ਸਾਧਵੀਆਂ 'ਚੋਂ ਇੱਕ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ 28 ਤੇ 29 ਅਗਸਤ, 1999 ਦੀ ਰਾਤ ਨੂੰ ਡੇਰਾ ਮੁਖੀ ਨੇ ਉਸ ਨੂੰ ਗੁਫਾ ਵਿੱਚ ਬੁਲਾਇਆ ਤੇ ਆਸ਼ਰਮ ਦੀ ਇੰਚਾਰਜ ਉਸ ਨੂੰ ਗੁਫਾ ਤਕ ਲੈ ਕੇ ਗਈ। ਉਸ ਨੇ ਦੱਸਿਆ ਕਿ ਡੇਰਾ ਮੁਖੀ ਨੇ ਉਸ ਤੋਂ ਉਸ ਦੀ ਪਿਛਲੀ ਜ਼ਿੰਦਗੀ ਬਾਰੇ ਪੁੱਛਿਆ ਤੇ ਉਸ ਨੂੰ ਉਹ ਚਿੱਠੀ ਵਿਖਾਈ ਜੋ ਉਸ ਨੂੰ ਇੱਕ ਲੜਕੇ ਨੇ ਲਿਖੀ ਸੀ। ਇਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਉਸ ਨੂੰ ਕਿਹਾ ਕਿ ਉਹ ਬੇਫਿਕਰ ਹੋ ਜਾਵੇ ਕਿਉਂਕਿ ਉਹ ਉਸ ਦੀ ਦੇਹ ਨੂੰ ਪਵਿੱਤਰ ਕਰ ਦੇਵੇਗਾ ਤੇ ਮੁਆਫੀ ਦੇ ਦੇਵੇਗਾ।

ਪੀੜਤਾ ਨੇ ਹੋਰਾਂ ਤੋਂ ਸੁਣਿਆ ਸੀ ਕਿ ਡੇਰਾ ਮੁਖੀ ਹੋਰਾਂ ਕੁੜੀਆਂ ਨੂੰ ਆਪਣੀ ਨਵੇਂ ਅਤੇ ਪੁਰਾਣੇ ਦੋਵਾਂ ਡੇਰਿਆਂ ਵਿੱਚ ਤਲਬ ਕਰਦਾ ਸੀ। ਉਸ ਨੇ ਦੱਸਿਆ ਕਿ ਪਹਿਲੀ ਘਟਨਾ ਤੋਂ ਤਕਰੀਬਨ ਇੱਕ ਸਾਲ ਬਾਅਦ ਉਸ ਨੂੰ ਡੇਰਾ ਮੁਖੀ ਨੇ ਫਿਰ ਤੋਂ ਬੁਲਾਇਆ। ਪਹਿਲੀ ਵਾਰ ਜੋ ਹੋਇਆ ਉਸ ਤੋਂ ਡਰੀ ਪੀੜਤਾ ਨੇ ਮਨ੍ਹਾਂ ਕਰ ਦਿੱਤਾ ਤੇ ਉਸ ਨੂੰ ਧਮਕਾਇਆ ਗਿਆ ਕਿ ਉਸ ਨੂੰ ਖਾਣਾ ਨਹੀਂ ਮਿਲੇਗਾ। ਇਸ ਵਾਰ ਡੇਰਾ ਮੁਖੀ ਨੇ ਉਸ ਨੂੰ ਬਲੈਕਮੇਲ ਵੀ ਕੀਤਾ ਕਿ ਉਸ ਦੇ ਭਰਾ ਨੂੰ ਸਭ ਕੁਝ ਦੱਸ ਦਿੱਤਾ ਜਾਵੇਗਾ, ਜੋ ਉੱਥੇ ਡੇਰੇ ਵਿੱਚ ਹੀ ਰਹਿੰਦਾ ਸੀ। ਡੇਰਾ ਮੁਖੀ ਨੇ ਉਸ ਨੂੰ ਇਹ ਕਹਿ ਕੇ ਜਾਲ ਵਿੱਚ ਫਸਾ ਲਿਆ ਕਿ ਉਸ ਦੇ ਭਰਾ ਨੇ ਉਸ 'ਤੇ ਯਕੀਨ ਨਹੀਂ ਕਰਨਾ ਕਿਉਂਕਿ ਉਹ ਡੇਰੇ ਦਾ ਅੰਨ੍ਹਾ ਭਗਤ ਸੀ।

ਦੂਜੀ ਘਟਨਾ ਤੋਂ 6 ਮਹੀਨਿਆਂ ਬਾਅਦ ਉਸ ਨੂੰ ਗੁਫਾ ਵਿੱਚ ਮੁੜ ਬੁਲਾ ਲਿਆ ਗਿਆ, ਪਰ ਇਸ ਵਾਰ ਉਹ ਡੇਰਾ ਮੁਖੀ ਦੀ ਗ੍ਰਿਫਤ ਵਿੱਚੋਂ ਛੁੱਟ ਗਈ ਤੇ ਸਾਰਾ ਵਾਕਿਆ ਆਪਣੇ ਭਰਾ ਰਣਜੀਤ ਸਿੰਘ ਨੂੰ ਦੱਸ ਦਿੱਤਾ। ਉਸ ਦੇ ਭਰਾ ਨੇ ਆਪਣੇ ਪਰਿਵਾਰ ਸਮੇਤ ਡੇਰਾ ਛੱਡ ਦਿੱਤਾ। 2002 ਵਿੱਚ ਡੇਰਾ ਮੁਖੀ ਦੀਆਂ ਕਰਤੂਤਾਂ ਬਾਰੇ ਇੱਕ ਗੁੰਮਨਾਮ ਚਿੱਠੀ ਸਰਕਾਰਾਂ ਤੇ ਮੀਡੀਆ ਵਿੱਚ ਫੈਲ ਜਾਣ ਤੋਂ ਬਾਅਦ ਰਣਜੀਤ ਸਿੰਘ ਦਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੀ ਕਤਲ ਕਰ ਦਿੱਤਾ ਗਿਆ।

ਬਲਾਤਕਾਰੀ ਬਾਬੇ ਨੇ ਦੂਜੀ ਸਾਧਵੀ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਇਸੇ ਤਰ੍ਹਾਂ ਦੇ ਹੀ ਹਥਕੰਡੇ ਵਰਤੇ ਸਨ। ਇਹ ਵੀ ਸੀ.ਬੀ.ਆਈ. ਵਕੀਲ ਨੇ ਚਾਰਜਸ਼ੀਟ ਵਿੱਚ ਦਰਜ ਕਰੇ ਸਨ।

ਦੱਸਣਾ ਬਣਦਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ 'ਤੇ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਤੋਂ ਇਲਾਵਾ ਰਣਜੀਤ ਸਿੰਘ ਅਤੇ ਪੱਤਰਕਾਰ ਛੱਤਰਪਤੀ ਦੇ ਕਤਲ ਦੇ ਮੁਕੱਦਮੇ ਚੱਲ ਰਹੇ ਹਨ, ਜਿਨ੍ਹਾਂ ਦਾ ਫੈਸਲਾ ਵੀ ਆਉਣ ਵਾਲਾ ਹੈ। ਬਲਾਤਕਾਰ ਦੇ ਮਾਮਲੇ ਵਿੱਚ ਰਾਮ ਰਹੀਮ ਨੂੰ ਕੈਦ ਹੋਣ ਤੋਂ ਬਾਅਦ ਪੱਤਰਕਾਰ ਛੱਤਰਪਤੀ ਦੇ ਪਰਿਵਾਰ ਨੂੰ ਵੀ ਇਨਸਾਫ ਦੀ ਆਸ ਬੱਝੀ ਹੈ।