ਚੰਡੀਗੜ੍ਹ : ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਭੜਕੀ ਹਿੰਸਾ ਕਾਰਨ ਮਾਰ ਗੇਏ ਮੁਕਤਸਰ ਦੇ ਪਿੰਡ ਥੇੜ੍ਹੀ ਭਾਈਕਾ ਦੇ ਬੱਚੇ ਲਵਪ੍ਰੀਤ ਦੇ ਮਾਪਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਮਨ੍ਹਾਂ ਕੀਤਾ ਗਿਆ। ਬੱਚੇ ਦੇ ਗੁਰਸਿੱਖ ਮਾਪੇ ਦੋ ਦਿਨ ਤੱਕ ਪ੍ਰੰਬਧਾਂ ਦੇ ਹਾੜ੍ਹੇ ਕੱਢਦੇ ਰਹੇ। ਆਖਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਮਾਮਲਾ ਪਹੁੰਚਣ 'ਤੇ ਪਿੰਡੇ ਦੇ ਗੁਰਦੁਆਰੇ ਵਿੱਚ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਤੇ।

ਪੰਜਾਬੀ ਟ੍ਰਿਬਿਊਨ ਮੁਤਾਬਿਕ ਮ੍ਰਿਤਕ ਬੱਚੇ ਦੇ ਅੰਮ੍ਰਿ੍ਤਧਾਰੀ ਪਿਤਾ ਕਾਕਾ ਸਿੰਘ ਦਾ ਕਹਿਣਾ ਸੀ ਕਿ ਉਹ ਦੋ ਦਿਨਾਂ ਮਗਰੋਂ ਪਾਠ ਦਾ ਪ੍ਰਕਾਸ਼ ਕਰਾ ਸਕੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ। ਮ੍ਰਿਤਕ ਬੱਚੇ ਦੀ ਮਾਂ ਸੰਦੀਪ ਕੌਰ ਦਾ ਕਹਿਣਾ ਸੀ ਕਿ ਉਹ ਲਵਪ੍ਰੀਤ ਨਮਿਤ ਪਾਠ ਦਾ ਭੋਗ ਵੀ ਸਮੇਂ ਸਿਰ ਨਹੀਂ ਪਾ ਸਕਣਗੇ, ਕਿਉਂਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਡੇਰਾ ਪ੍ਰੇਮੀ ਸਮਝ ਕੇ ਦੋ ਦਿਨ ਸਰੂਪ ਨਹੀਂ ਦਿੱਤੇ ਸਨ।

ਬਾਪ ਕਾਕਾ ਸਿੰਘ ਦਾ ਕਹਿਣਾ ਸੀ ਕਿ ਜਿਸ ਦਿਨ ਉਨ੍ਹਾਂ ਦੇ ਬੱਚੇ ਦਾ ਸਸਕਾਰ ਸੀ, ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਨੇ ਸਸਕਾਰ ਦਾ ਹੋਕਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂਕਿ ਅੱਜ ਇਕ ਡੇਰਾ ਪੈਰੋਕਾਰ ਦੀ ਮੌਤ ਬਾਰੇ ਗ੍ਰੰਥੀ ਨੇ ਹੋਕਾ ਦੇ ਦਿੱਤਾ। ਉਨ੍ਹਾਂ ਆਖਿਆ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਵਿਤਕਰਾ ਕੀਤਾ ਹੈ।

ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਪਾਲ ਸਿੰਘ ਗੋਰਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਕਮ ਹਨ ਕਿ ਕਿਸੇ ਡੇਰਾ ਪ੍ਰੇਮੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਾ ਦਿੱਤੀ ਜਾਵੇ ਤੇ ਕਾਕਾ ਸਿੰਘ ਦੇ ਪਰਿਵਾਰ ਦੀ ਪੁੱਛਗਿੱਛ ਮਗਰੋਂ ਉਨ੍ਹਾਂ ਦਾ ਡੇਰੇ ਨਾਲ ਕੋਈ ਸਬੰਧ ਨਾ ਹੋਣ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਦਿੱਤਾ ਗਿਆ ਹੈ।

ਗੁਰਦੁਆਰਾ ਥੇੜ੍ਹੀ ਸਾਹਿਬ ਦੇ ਮੈਨੇਜਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਬੱਚੇ ਦੀ ਮੌਤ ਹੋਣ ਕਰ ਕੇ ਉਸ ਦਾ ਪਿਤਾ ਕਾਕਾ ਸਿੰਘ ਅਸ਼ਾਂਤ ਹੋ ਗਿਆ ਹੈ, ਜਦੋਂਕਿ ਸਰੂਪ ਨਾ ਦੇਣ ਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਆਖਿਆ ਕਿ ਅੱਜ ਕਾਕਾ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਤੇ ਗਏ ਹਨ ਅਤੇ ਪਾਠ ਪ੍ਰਕਾਸ਼ ਹੋ ਚੁੱਕਾ ਹੈ।