Bhagwant Mann: ਚੰਡੀਗੜ੍ਹ ਮੇਅਰ ਚੋਣਾਂ 'ਚ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਨੇੜੇ ਵੱਡਾ ਪ੍ਰਦਰਸ਼ਨ ਕੀਤਾ।  ਧਰਨੇ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲੀਅਤ ਕੀਤੀ।  ਉਨ੍ਹਾਂ ਨਾਲ ਪੰਜਾਬ ਅਤੇ ਦਿੱਲੀ ਦੇ ਕਈ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਵੀ ਮੌਜੂਦ ਸਨ।



 ਧਰਨੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵਤ ਮਾਨ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 30 ਜਨਵਰੀ ਨੂੰ ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਜਪਾ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਕੈਮਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਬੈਲਟ ਪੇਪਰਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ।  ਪਰ ਉੱਥੇ ਭਾਜਪਾ ਤੋਂ ਇਕ ਗਲਤੀ ਹੋ ਗਈ।  ਕੰਮ ਉਸ ਦੀ ਯੋਜਨਾ ਅਨੁਸਾਰ ਨਹੀਂ ਹੋਇਆ, ਨਹੀਂ ਤਾਂ ਉਹ ਵੀਡੀਓ ਰਿਕਾਰਡਿੰਗ ਬੰਦ ਕਰਵਾ ਦਿੰਦੇ।  ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਅਜਿਹਾ ਕੀਤਾ ਹੈ।  ਉਹ ਹਰ ਛੋਟੀ-ਵੱਡੀ ਚੋਣ ਵਿੱਚ ਇਸ ਤਰ੍ਹਾਂ ਦੀ ਧਾਂਦਲੀ ਕਰਦੇ ਹਨ ਪਰ ਕੈਮਰਿਆਂ ਕਾਰਨ ਉਹ ਚੰਡੀਗੜ੍ਹ ਵਿੱਚ ਪਹਿਲੀ ਵਾਰ ਅਜਿਹਾ ਕਰਦੇ ਫੜੇ ਗਏ ਹਨ।



 ਮਾਨ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ਚੋਂ ਸਮੱਸਿਆ ਹੈ।  ਭਾਜਪਾ ਆਗੂ ਚਾਹੁੰਦੇ ਹਨ ਕਿ ਦੇਸ਼ ਵਿੱਚ ਚੋਣਾਂ ਨਾ ਹੋਣ। ਜੇਕਰ ਉਨ੍ਹਾਂ ਦਾ ਬਸ ਚੱਲਿਆ ਤਾਂ ਉਹ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਤਬਾਹ ਕਰ ਦੇਣਗੇ।  ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ 2024 ਵਿੱਚ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਨੂੰਨ ਨੂੰ ਲਾਗੂ ਕਰਨਗੇ।  ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ।



ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨਾਂ ਨੇ ਚੰਡੀਗੜ੍ਹ ਵਿੱਚ ਕੀਤਾ, ਉਸੇ ਤਰ੍ਹਾਂ ਉਹ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿੱਲ ਪਾਸ ਕਰਵਾਉਂਦੇ ਹਨ।  ਉਹ ਸੰਸਦ 'ਚ ਬਿੱਲਾਂ 'ਤੇ ਚਰਚਾ ਕਰਨ ਤੋਂ ਕਤਰਾਉਂਦੇ ਹਨ।  ਉਹ ਬਿਨਾਂ ਕਿਸੇ ਚਰਚਾ ਜਾਂ ਸਲਾਹ-ਮਸ਼ਵਰੇ ਦੇ ਸਾਰੇ ਬਿੱਲਾਂ ਨੂੰ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।



ਮਾਨ ਨੇ ਕਿਹਾ ਕਿ ਮੈਂ ਸੂਰਬੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ ਤੋਂ ਹਾਂ।  ਪੰਜਾਬ ਨੇ ਦੇਸ਼ ਲਈ ਸਭ ਤੋਂ ਵੱਡੀਆਂ ਲੜਾਈਆਂ ਲੜੀਆਂ ਹਨ।  ਦੇਸ਼ ਦੀ ਆਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ।  ਅੱਜ ਵੀ ਬਹੁਤੇ ਪੰਜਾਬ ਬਾਰਡਰ 'ਤੇ ਖੜ੍ਹੇ ਹਨ।  ਦੁਸ਼ਮਣ ਦੀਆਂ ਗੋਲੀਆਂ ਦਾ ਸਭ ਤੋਂ ਪਹਿਲਾਂ ਸਾਹਮਣਾ ਪੰਜਾਬੀਆਂ ਨੇ ਕੀਤਾ ਹੈ।  ਪਰ ਅੱਜ ਸਾਡੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਰੂਹਾਂ ਭਾਜਪਾ ਦੀ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਨੂੰ ਦੇਖ ਕੇ ਤਰਸ ਰਹੀਆਂ ਹੋਣਗਿਆਂ। ਇਹ ਲੋਕ ਆਪਣੀ ਕੁਰਬਾਨੀ ਵਿਅਰਥ ਕਰਨ ਵਿੱਚ ਲੱਗੇ ਹੋਏ ਹਨ।  ਪਰ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ।  ਅਸੀਂ ਦੇਸ਼ ਦੇ ਲੋਕਤੰਤਰ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਪੂਰੀ ਤਾਕਤ ਨਾਲ ਲੜਾਂਗੇ।



 ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ ਮੇਅਰ ਦੀ ਚੋਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਲੈ ਗਏ ਹਾਂ।  ਜਲਦੀ ਹੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਰੱਦ ਹੋ ਜਾਵੇਗੀ ਅਤੇ ਅਸੀਂ ਆਪਣਾ ਮੇਅਰ ਬਣਾਵਾਂਗੇ।