Punjab News: ਬੀਤੇ ਤਕਰੀਬਨ 60 ਦਿਨਾਂ ਤੋਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਅਧਿਆਪਕ ਬਲਵਿੰਦਰ ਕੌਰ ਨੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੇ ਸਿਆਸੀ ਰੰਗਤ ਲੈ ਲਈ ਹੈ।
ਹਾਲਾਂਕਿ ਅਜੇ ਤੱਕ ਉਸ ਅਧਿਆਪਕ ਦੀ ਲਾਸ ਨਹੀਂ ਮਿਲੀ ਹੈ ਪਰ ਇਸ ਦੌਰਾਨ ਇੱਕ ਸੁਸਾਇਡ ਨੋਟ ਜ਼ਰੂਰ ਮਿਲਿਆ ਸੀ ਜਿਸ ਵਿੱਚ ਉਸਨੇ ਨੌਕਰੀ ਨਾ ਮਿਲਣ ਕਰਕੇ ਡਿਪਰੈਸ਼ਨ ਵਿੱਚ ਇਹ ਕਦਮ ਚੁੱਕਣ ਦੀ ਗੱਲ ਲਿਖੀ ਸੀ । ਹਾਲਾਂਕਿ ਇਸ ਦੌਰਾਨ ਬਲਵਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਉਸਦੇ ਪਤੀ ਤੇ ਸਹੁਰੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਦੂਜੇ ਪਾਸੇ ਬਲਵਿੰਦਰ ਕੌਰ ਦੇ ਸਾਥੀ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਉਸਦੀ ਮੌਤ ਨੂੰ ਪਰਿਵਾਰਿਕ ਝਗੜੇ ਦਾ ਨਾਮ ਦੇ ਰਹੀ ਹੈ । ਹੁਣ ਇਸਨੂੰ ਲੈ ਕੇ ਰਾਜਨੀਤੀ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਦੌਰਾਨ ਕਾਂਗਰਸੀ ਲੀਡਰ ਪ੍ਰਗਟ ਸਿੰਘ ਤੇ ਬਰਿੰਦਰ ਢਿੱਲੋਂ ਨੇ ਧਰਨਾਕਾਰੀਆਂ ਦੇ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਲਵਿੰਦਰ ਕੌਰ ਵੱਲੋਂ ਆਤਮਹੱਤਿਆ ਨਹੀਂ ਕੀਤੀ ਗਈ ਸਗੋਂ ਇਸਦੇ ਲਈ ਸਿੱਧੇ ਤੌਰ ਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ 'ਤੇ ਹਮਲਾ ਕਰਦਿਆਂ ਕਿਹਾ ਕਿ 1158 ਅਧਿਆਪਕ ਇੱਕ ਸਹੀ ਨੀਤੀ ਦੇ ਨਾਲ ਚੁਣੇ ਗਏ ਸਨ ਸਰਕਾਰ ਵੱਲੋਂ ਕੇਵਲ ਇਸ ਕਰਕੇ ਉਨ੍ਹਾਂ ਦੀ ਪੈਰਵਾਈ ਨਹੀਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਦਾ ਕ੍ਰੈਡਿਟ ਪਿਛਲੀ ਸਰਕਾਰ ਨੂੰ ਨਾ ਮਿਲ ਜਾਵੇ।
ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਇੰਨੇ ਦਿਨ ਬੀਤੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਗਈ, ਸਗੋਂ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਇਹ ਆਪਣਾ ਧਰਨਾ ਚੁੱਕ ਲੈਣ। ਪ੍ਰਗਟ ਸਿੰਘ ਨੇ ਕਿਹਾ ਕਿ ਇਹ ਭਰਤੀ ਪੁਰਾਣੀ ਸਰਕਾਰ ਵੱਲੋਂ ਪੂਰੇ ਨਿਯਮਾਂ ਮੁਤਾਬਿਕ ਕੀਤੀ ਗਈ ਸੀ ਪ੍ਰੰਤੂ ਇਹ ਸਰਕਾਰ ਦੀ ਮਨਸ਼ਾ ਨਹੀਂ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਲਗਾਇਆ ਜਾਵੇ ਜਿਸ ਦੇ ਚਲਦਿਆਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ