New Cabinet Ministers: ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਡਾ ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਚੰਡੀਗੜ੍ਹ ਦੇ ਰਾਜਭਵਨ ਵਿੱਚ ਡਾ ਬਲਬੀਰ ਸਿੰਘ ਨੂੰ ਗਵਰਨਰ ਬਨਵਾਰੀ ਲਾਲ ਪ੍ਰਰੁਹੋਤ ਨੇ ਹਲਫ਼ ਦਵਾਇਆ। ਦੱਸ ਦਈਏ ਕਿ ਬਲਬੀਰ ਸਿੰਘ ਪਟਿਆਲਾ ਦਿਹਾਤੀ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।


ਜ਼ਿਕਰ ਕਰ ਦਈਏ ਕਿ ਅੱਜ ਫੌਜਾ ਸਿੰਘ ਸਰਾਰੀ ਵੱਲੋਂ ਨਿੱਜੀ ਕਾਰਨਾ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫ਼ਾ  ਮਨਜ਼ੂਰ ਕਰ ਲਿਆ ਸੀ।


ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸਰਾਰੀ ਦੀ ਇੱਕ ਆਡਿਓ ਵਾਇਰਲ ਹੋਈ ਸੀ ਜਿਸ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਗੱਲ ਹੋ ਰਹੀ ਸੀ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਵਿੱਚ ਲਗਤਾਰ ਪੰਜਾਬ ਸਰਕਾਰ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲਿਆ ਜਾਵੇ।


ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਸਤੀਫ਼ਾ ਮੁੱਖ ਮੰਤਰੀ ਵੱਲੋਂ ਲਿਆ ਗਿਆ ਹੈ। ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।


'ਆਪ' ਸਰਕਾਰ 'ਚ ਕੁਰਸੀ ਗੁਆਉਣ ਵਾਲੇ ਦੂਜੇ ਮੰਤਰੀ


ਫੌਜਾ ਸਿੰਘ ਸਰਾਰੀ ਪੰਜਾਬ ਵਿੱਚ ‘ਆਪ’ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਗੁਆਉਣ ਵਾਲੇ ਦੂਜੇ ਮੰਤਰੀ ਹਨ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਸਿੰਗਲਾ 'ਤੇ ਵਿਭਾਗ ਦੇ ਟੈਂਡਰ 'ਚ ਕਮਿਸ਼ਨ ਲੈਣ ਦਾ ਦੋਸ਼ ਸੀ। ਸਿੰਗਲਾ ਨੂੰ ਵੀ ਜੇਲ੍ਹ ਵਿੱਚ ਰਹਿਣਾ ਪਿਆ। ਹਾਲਾਂਕਿ ਸਿੰਗਲਾ ਨੂੰ ਆਮ ਆਦਮੀ ਪਾਰਟੀ ਤੋਂ ਬਰਖਾਸਤ ਨਹੀਂ ਕੀਤਾ ਗਿਆ ਸੀ।


ਡਾ ਬਲਬੀਰ ਸਿੰਘ ਮਿਲਿਆ ਸਿਹਤ ਮਹਿਕਮਾ


ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਡਾ. ਬਲਬੀਰ ਸਿੰਘ ਨੂੰ ਨਵਾਂ ਵਜ਼ੀਰ ਬਣਾਇਆ ਗਿਆ ਹੈ। ਹਲਫ਼ ਲੈਣ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਮਹਿਕਮੇ ਦੀ ਕਮਾਨ ਸੰਭਾਈ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਸਣੇ 6 ਮੰਤਰੀਆਂ ਦੇ ਵਿਭਾਗਾਂ ਵਿੱਚ ਮਹੱਤਵਪੂਰਨ ਅਦਲਾ ਬਦਲੀ ਕੀਤੀ ਗਈ ਹੈ।


ਮੁੱਖ ਮੰਤਰੀ ਨੂੰ ਮਿਲਿਆ ਨਵਾਂ ਮਹਿਕਮਾ


ਮੁੱਖ ਮੰਤਰੀ ਭਗਵੰਤ ਮਾਨ ਕੋਲ ਹੁਣ ਜੇਲ੍ਹ ਵਿਭਾਗ ਵੀ ਹੋਵੇਗਾ ਜੋ ਪਹਿਲਾਂ  ਹਰਜੋਤ ਸਿੰਘ ਬੈਂਸ ਕੋਲ ਸੀ।  ਹਰਜੋਤ ਸਿੰਘ ਬੈਂਸ ਤੋਂ ਮਾਈਨਿੰਗ ਵਿਭਾਗ ਵਾਪਸ ਲੈ ਕੇ ਇਹ ਮੀਤ ਹੇਅਰ ਨੂੰ ਦਿਤਾ ਗਿਆ ਹੈ।  ਹਰਜੋਤ ਸਿੰਘ ਬੈਂਸ ਹੁਣ ਸਕੂਲੀ ਸਿੱਖ਼ਿਆ, ਹਾਇਰ ਐਜੂਕੇਸ਼ਨ ਅਤੇ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟਰੇਨਿੰਗ ਦੇ ਮੰਤਰੀ ਹੋਣਗੇ। ਇਸ ਤੋਂ ਇਲਾਵਾ ਚੇਤਨ ਸਿੰਘ ਜੌੜਾਮਾਜਰਾ ਤੋਂ ਸਿਹਤ ਮਹਿਕਮਾ ਵਾਪਸ ਲੈ ਕੇ ਨਵੇਂ ਬਣੇ ਮੰਤਰੀ ਡਾ: ਬਲਬੀਰ ਸਿੰਘ ਨੂੰ ਦਿੱਤਾ ਗਿਆ ਹੈ।