ਸਤਨਾਮ ਸਿੰਘ ਬਟਾਲਾ ਦੀ ਰਿਪੋਰਟ



Gurdaspur News: ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਆਏ ਦਿਨ ਹੀ ਮੌਤਾਂ ਹੋ ਰਹੀਆਂ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਇਸ ਨਸ਼ੇ ਦੀ ਗ੍ਰਿਫ਼ਤ ਵਿੱਚ ਹਨ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ ਪੁਲਿਸ ਥਾਣਾ ਕਾਦੀਆਂ ਅਧੀਨ ਬੱਸ ਸਟੈਂਡ ਤੋਂ ਸਾਹਮਣੇ ਆਇਆ ਜਿਥੇ ਇੱਕ ਨੌਜਵਾਨ ਲੜਕੀ ਨਸ਼ੇ ਦੀ ਹਾਲਤ ਵਿੱਚ ਮਿਲੀ।

ਨਸ਼ੇ ਕਰਕੇ ਲੜਕੀ ਨੂੰ ਕੋਈ ਵੀ ਸੁਧਬੁੱਧ ਨਹੀਂ ਸੀ ਤੇ ਉਸ ਦੇ ਕੱਪੜਿਆਂ 'ਤੇ ਖੂਨ ਲੱਗਾ ਹੋਇਆ ਸੀ। ਇਸ ਮੌਕੇ ਕਾਦੀਆ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਲੜਕੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 108 ਐਂਬੂਲੈਂਸ ਦੇ ਰਾਹੀ ਸਥਾਨਕ ਬਟਾਲਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉੱਥੇ ਹੀ ਸਿਵਿਲ ਹਸਪਤਾਲ ਬਟਾਲਾ ਵਿਖੇ ਇਲਾਜ ਦੌਰਾਨ ਹੋਸ਼ ਆਉਣ ਤੋਂ ਬਾਅਦ ਪੀੜਤ ਲੜਕੀ ਨੇ ਜੋ ਦੱਸਿਆ ਉਹ ਸੁਣ ਕੇ ਰੂਹ ਕੰਬ ਜਾਂਦੀ ਹੈ।

ਉਕਤ ਲੜਕੀ ਨੇ ਦੱਸਿਆ ਕਿ ਉਹ ਸੱਤ ਸਾਲ ਤੋਂ ਚਿੱਟੇ ਦਾ ਨਸ਼ਾ ਕਰ ਰਹੀ ਹੈ ਤੇ ਉਸ ਦੇ ਪਤੀ ਨੇ ਹੀ ਨਸ਼ੇ ਦਾ ਆਦੀ ਬਣਾਇਆ। ਸੱਤ ਸਾਲ ਹੀ ਵਿਆਹ ਨੂੰ ਹੋ ਗਏ ਤੇ ਪਤੀ ਛੱਡ ਕੇ ਭੱਜ ਗਿਆ। ਲੜਕੀ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਲੋਕਾਂ ਕੋਲੋਂ ਪੈਸੇ ਮੰਗ ਮੰਗ ਕੇ ਨਸ਼ਾ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪੈਰ 'ਤੇ ਸੱਟ ਲੱਗ ਗਈ ਸੀ ਤੇ ਪਤੀ ਨੇ ਇਲਾਜ ਕਰਵਾਉਣ ਦੀ ਜਗ੍ਹਾ ਉਸ ਨੂੰ ਚਿੱਟ ਦਾ ਨਸ਼ਾ ਕਰਵਾ ਦੇਣਾ ਤਾਂ ਕਿ ਉਸ ਦਾ ਦਰਦ ਠੀਕ ਹੋ ਜਾਏ ਪਰ ਜਦੋਂ ਨਸ਼ਾ ਉਤਰਨਾ ਤਾਂ ਫਿਰ ਦਰਦ ਸ਼ੁਰੂ ਹੋ ਜਾਣਾ ਤਾਂ ਉਸ ਦੇ ਪਤੀ ਨੇ ਫਿਰ ਨਸ਼ਾ ਕਰਵਾ ਦੇਣਾ।

 

  ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰ ਦਾ ਇੰਨਾ ਮਾੜਾ ਹਾਲ! 12ਵੀਂ ਵਾਰ ਬੋਲੀ ਵੇਲੇ ਵੀ ਨਹੀਂ ਲੱਭੇ ਠੇਕੇਦਾਰ

ਇੱਕ ਦਿਨ ਉਸ ਨੇ ਪਤੀ ਨੂੰ ਪੁੱਛਿਆ ਕਿ ਇਹ ਕਿਹੜੀ ਦਵਾਈ ਹੈ ਤਾਂ ਉਸ ਦੇ ਪਤੀ ਨੇ ਦੱਸਿਆ ਕਿ ਇਹ ਚਿੱਟੇ ਦਾ ਨਸ਼ਾ ਹੈ। ਉਸ ਨੇ ਦੱਸਿਆ ਕਿ ਹੁਣ ਉਸ ਦਾ ਪਤੀ ਵੀ ਉਸ ਨੂੰ ਛੱਡ ਕੇ ਚਲਾ ਗਿਆ ਹੈ। ਉਸ ਨੇ ਲੋਕਾਂ ਕੋਲ, ਪਿੰਡ ਵਾਸੀਆਂ ਕੋਲ ਤੇ ਪੁਲਿਸ ਕੋਲ ਕਈ ਵਾਰ ਬੇਨਤੀਆਂ ਕੀਤੀਆਂ ਕੇ ਉਸ ਦਾ ਇਲਾਜ ਕਰਵਾ ਦਿੱਤਾ ਜਾਵੇ ਪਰ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਕਾਦੀਆ ਸਮੇਤ ਕਾਦੀਆ ਦੇ ਆਸ-ਪਾਸ ਆਸਾਨੀ ਨਾਲ ਚਿੱਟਾ ਮਿਲ ਜਾਂਦਾ ਹੈ।

ਉਸ ਨੇ ਕਿਹਾ ਕਿ ਨਸ਼ੇ ਨਾਲ ਨੌਜਵਾਨ ਪੀੜ੍ਹੀ ਬਰਬਾਦ ਹੁੰਦੀ ਜਾ ਰਹੀ ਹੈ ਤੇ ਨੌਜਵਾਨ ਆਪਣੀਆਂ ਜ਼ਿੰਦਗੀਆਂ ਬਰਬਾਦ ਕਰਕੇ ਆਪਣੇ ਘਰਾਂ ਦਾ ਸਮਾਨ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਨਸ਼ੇ ਦੀ ਗ੍ਰਿਫਤ ਵਿੱਚ ਆਏ ਨੌਜਵਾਨ ਆਏ ਦਿਨ ਹੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਤੇ ਹੁਣ ਨੌਜਵਾਨਾਂ ਦੇ ਨਾਲ-ਨਾਲ ਨੌਜਵਾਨ ਲੜਕੀਆਂ ਇਸ ਦੀ ਗ੍ਰਿਫਤ ਵਿੱਚ ਆ ਰਹੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ਵੀ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਦਾ ਸਾਮਾਨ ਤੱਕ ਵੇਚ ਦਿੱਤਾ ਹੈ। ਹੁਣ ਉਹ ਖ਼ੁਦ ਕਹਿ ਰਹੀ ਸੀ ਕਿ ਉਸ ਨੂੰ ਬਚਾ ਲਿਆ ਜਾਵੇ।

ਉੱਥੇ ਹੀ ਸਿਵਿਲ ਹਸਪਤਾਲ ਬਟਾਲਾ ਦੀ ਡਾਕਟਰ ਨੇ ਦੱਸਿਆ ਕਿ ਲੜਕੀ ਨੂੰ ਹੋਸ਼ ਆ ਗਿਆ ਹੈ ਤੇ ਲੜਕੀ ਨੇ ਖੁਦ ਹੀ ਦੱਸਿਆ ਹੈ ਕੇ ਉਹ ਨਸ਼ੇ ਦੀ ਆਦੀ ਹੈ ਤੇ ਉਸ ਨੇ ਨਸ਼ਾ ਕੀਤਾ ਹੋਇਆ ਸੀ। ਡਾਕਟਰ ਨੇ ਦੱਸਿਆ ਕਿ ਇਸ ਦਾ ਇਲਾਜ ਕੀਤਾ ਜਾਵੇਗਾ ਪਰ ਇਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਦੀ ਤੇ ਇਸ ਦੀ ਕਾਊਂਸਲਿੰਗ ਦੀ ਜਿਆਦਾ ਜ਼ਰੂਰਤ ਹੈ।