Drugs in Punjab: ਨਸ਼ਾ ਤਸਕਰੀ ਦਾ ਜਾਲ ਪੰਜਾਬ ਤੋਂ ਮਨੀਪੁਰ ਤੱਕ ਫੈਲਿਆ ਹੋਇਆ ਹੈ। ਨਸ਼ਾ ਤਸਕਰ ਕਵਲਦੀਪ ਸਿੰਘ ਉਰਫ ਛੋਟੂ ਸਰਦਾਰ ਦੀ ਗ੍ਰਿਫਤਾਰੀ ਨੇ ਕਈ ਰਾਜ ਖੋਲ੍ਹੇ ਹਨ। ਨਸ਼ਾ ਤਸਕਰਾਂ ਨੇ ਦਿੱਲੀ ਤੋਂ ਇਲਾਵਾ ਪੰਜਾਬ, ਅਸਾਮ, ਉੱਤਰ ਪ੍ਰਦੇਸ਼, ਬਿਹਾਰ ਤੇ ਮਨੀਪੁਰ ਆਦਿ ਰਾਜਾਂ ਤੱਕ ਆਪਣਾ ਰੈਕੇਟ ਫੈਲਾਇਆ ਹੋਇਆ ਹੈ। ਇਹ ਵੱਡੇ ਪੱਧਰ 'ਤੇ ਅਫੀਮ ਤੇ ਨਸ਼ੀਲੇ ਪਦਾਰਥ ਸਪਲਾਈ ਕਰ ਰਹੇ ਹਨ।
ਦਰਅਸਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬਠਿੰਡਾ ਵਿੱਚ ਛਾਪੇਮਾਰੀ ਕਰਕੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਕਵਲਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਚਾਰ ਵੱਖ-ਵੱਖ ਮਾਮਲਿਆਂ ਵਿੱਚ ਉਸ ਦੀ ਤਲਾਸ਼ ਸੀ। ਇਨ੍ਹਾਂ ਕੇਸਾਂ ਵਿੱਚ 113 ਕਿਲੋ ਅਫੀਮ ਤੇ ਨਸ਼ੀਲੇ ਪਦਾਰਥਾਂ ਦੀ ਦਿੱਲੀ ਤੇ ਪੰਜਾਬ ਵਿੱਚ ਤਸਕਰੀ ਕੀਤੀ ਗਈ ਸੀ। ਇਸ ਤੋਂ ਇਲਾਵਾ 18 ਕਿਲੋ ਹੈਰੋਇਨ ਆਸਾਮ ਵਿੱਚ ਤਸਕਰੀ ਕੀਤੀ ਗਈ ਸੀ।
ਅਹਿਮ ਗੱਲ ਹੈ ਕਿ ਇਸ ਨਸ਼ਾ ਤਸਕਰ ਨੇ ਦਿੱਲੀ ਤੋਂ ਇਲਾਵਾ ਪੰਜਾਬ, ਅਸਾਮ, ਉੱਤਰ ਪ੍ਰਦੇਸ਼, ਬਿਹਾਰ ਤੇ ਮਨੀਪੁਰ ਆਦਿ ਰਾਜਾਂ ਵਿੱਚ ਵੀ ਰੈਕੇਟ ਫੈਲਾਇਆ ਹੋਇਆ ਸੀ। ਇਹ ਅਫੀਮ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਮਨੀਪੁਰ ਤੋਂ ਵੱਖ-ਵੱਖ ਰਾਜਾਂ ਨੂੰ ਸਪਲਾਈ ਕਰਦਾ ਸੀ। ਉਹ ਕਰੀਬ 8 ਸਾਲਾਂ ਤੋਂ ਇਸ ਧੰਦੇ ਵਿੱਚ ਸਰਗਰਮ ਸੀ ਤੇ ਵੱਖ-ਵੱਖ ਰਾਜਾਂ ਵਿੱਚ ਕਰੋੜਾਂ ਰੁਪਏ ਦੀ ਅਫੀਮ ਤੇ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ: Trending News: ਕਰਤਾਰਪੁਰ ਲਾਂਘੇ ਨੇ ਇੱਕ ਹੋਰ ਭੈਣ ਨੂੰ ਭਰਾ ਨਾਲ ਮਿਲਵਾਇਆ, 76 ਸਾਲ ਬਾਅਦ ਮਿਲੇ ਇਸਮਾਇਲ ਤੇ ਸੁਰਿੰਦਰ ਕੌਰ
ਸਪੈਸ਼ਲ ਸੀਪੀ ਹਰਗੋਵਿੰਦ ਸਿੰਘ ਧਾਲੀਵਾਲ ਅਨੁਸਾਰ ਏਸੀਪੀ ਦੱਖਣੀ ਰੇਂਜ ਅਲੋਕ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਿਵ ਕੁਮਾਰ ਤੇ ਅਤਰ ਸਿੰਘ ਦੀ ਟੀਮ ਨੇ ਕਵਲਦੀਪ ਸਿੰਘ ਉਰਫ ਛੋਟੂ ਸਰਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੂਲ ਰੂਪ ਵਿੱਚ ਗੁਹਾਟੀ, ਅਸਾਮ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ, ਪੰਜਾਬ ਪੁਲਿਸ ਤੇ ਆਸਾਮ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਹੀ ਸੀ। ਗ੍ਰਿਫਤਾਰੀ ਤੋਂ ਬਚਣ ਲਈ ਉਹ ਕਾਫੀ ਸਮੇਂ ਤੋਂ ਗੁਜਰਾਤ ਦੇ ਵਡੋਦਰਾ 'ਚ ਲੁਕਿਆ ਹੋਇਆ ਸੀ ਪਰ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਪੁਲਿਸ ਟੀਮ ਇਸ ਦਾ ਪਤਾ ਲਾਉਣ ਬਠਿੰਡਾ ਪਹੁੰਚੀ ਤੇ ਇਸ ਨੂੰ ਕਾਬੂ ਕਰ ਲਿਆ।
ਪੁਲਿਸ ਟੀਮ ਨੂੰ ਪਤਾ ਲੱਗਾ ਕਿ ਉਹ ਜ਼ਿਲ੍ਹਾ ਕਚਹਿਰੀ ਨੇੜੇ ਕਿਸੇ ਨੂੰ ਮਿਲਣ ਆ ਰਿਹਾ ਹੈ। ਉਹ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਦੇ ਸਬੰਧ ਵਿੱਚ ਮਿਲਣ ਆਇਆ ਸੀ। ਪੁਲਿਸ ਟੀਮ ਨੇ ਉਥੇ ਜਾਲ ਵਿਛਾ ਕੇ ਘੇਰਾ ਪਾ ਲਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਸਾਲ ਫਰਵਰੀ ਮਹੀਨੇ ਉਸ ਦੇ ਭਰਾ ਰਣਵੀਰ ਸਿੰਘ ਤੇ ਉਸ ਦੇ ਸਾਥੀ ਨੂੰ 50 ਕਿਲੋ ਅਫੀਮ ਸਮੇਤ ਫੜਿਆ ਗਿਆ ਸੀ ਜਿਸ ਨੂੰ ਕਾਰ ਅੰਦਰ ਛੁਪਾ ਕੇ ਸਪਲਾਈ ਲਈ ਲਿਜਾਇਆ ਜਾ ਰਿਹਾ ਸੀ। ਉਸ ਮਾਮਲੇ 'ਚ ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਕਵਲਦੀਪ ਸਿੰਘ ਬਾਰੇ ਜਾਣਕਾਰੀ ਮਿਲੀ ਤੇ ਉਹ ਵੀ ਇਸ ਮਾਮਲੇ 'ਚ ਲੋੜੀਂਦਾ ਸੀ।
ਇਸ ਤੋਂ ਇਲਾਵਾ ਜੁਲਾਈ ਮਹੀਨੇ 'ਚ ਵੀ ਕਾਰ 'ਚੋਂ 56 ਕਿਲੋ ਅਫੀਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ ਤੇ ਉਸ ਮਾਮਲੇ 'ਚ ਵੀ ਇਸ ਬਾਰੇ ਜਾਣਕਾਰੀ ਮਿਲੀ ਸੀ। ਇਸੇ ਤਰ੍ਹਾਂ ਮਾਰਚ ਮਹੀਨੇ ਵਿੱਚ ਆਸਾਮ ਵਿੱਚ ਉਸ ਦੇ ਦੋ ਸਾਥੀਆਂ ਸਮੇਤ 18 ਕਿਲੋ ਹੈਰੋਇਨ ਬਰਾਮਦ ਹੋਈ ਸੀ। ਪੁਲਿਸ ਇਸ ਮਾਮਲੇ ਵਿੱਚ ਵੀ ਉਸ ਦੀ ਭਾਲ ਕਰ ਰਹੀ ਸੀ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਨਸ਼ਾ ਤਸਕਰੀ ਕਰਨ ਵਾਲਾ ਇਹ ਗਰੋਹ ਨਸ਼ੇ ਦੀ ਖੇਪ ਗੱਡੀ ਦੇ ਅੰਦਰ ਇਸ ਤਰੀਕੇ ਨਾਲ ਛੁਪਾ ਲੈਂਦਾ ਸੀ ਕਿ ਇਸ ਦਾ ਕਿਸੇ ਨੂੰ ਕੋਈ ਸੁਰਾਗ ਵੀ ਨਹੀਂ ਲੱਗਾ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Barnala News: ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਕਤਲ ਕੇਸ ਦੇ ਮੁਲਜ਼ਮ ਗ੍ਰਿਫਤਾਰ