Drugs in Punjab: ਪੰਜਾਬ ਅੰਦਰ ਨਸ਼ਿਆਂ ਦਾ ਕਹਿਰ ਭਗਵੰਤ ਮਾਨ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਨਸ਼ਿਆਂ ਖਿਲਾਫ ਕਾਫੀ ਸਖਤੀ ਕੀਤੀ ਗਈ ਹੈ ਪਰ ਫਿਰ ਵੀ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਰੋਜ਼ਾਨਾ ਨਸ਼ਿਆਂ ਦੀ ਓਵਰਡੋਜ ਨਾਲ ਮੌਤਾਂ ਦੀਆਂ ਖਬਰਾਂ ਆ ਰਹੀਆਂ ਹਨ। ਗਲੀਆਂ ਵਿੱਚ ਸ਼ਰੇਆਮ ਨਸ਼ੇ ਵੇਚਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਨਸ਼ੇ ਵੱਡਾ ਮੁੱਦਾ ਬਣਨਗੇ।



ਅਹਿਮ ਗੱਲ ਹੈ ਕਿ ਹੁਣ ਨਸ਼ਿਆਂ ਖਿਲਾਫ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਜਵਾਨ ਵੀ ਉੱਤਰ ਆਏ ਹਨ। ਪਿੰਡਾਂ ਵਿੱਚ ਨੌਜਵਾਨਾਂ ਨੇ ਕਮੇਟੀਆਂ ਬਣਾ ਕੇ ਨਾਕੇ ਲਾਉਣੇ ਸ਼ੁਰੂ ਕੀਤੇ ਹਨ। ਪੁਲਿਸ ਵੀ ਨੌਜਵਾਨਾਂ ਦਾ ਸਾਥ ਦੇ ਰਹੀ ਹੈ। ਇਸ ਨਾਲ ਨਸ਼ਾ ਵੇਚਣ ਵਾਲਿਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਨ ਲੱਗਾ ਹੈ। ਕਈ ਥਾਵਾਂ ਉੱਪਰ ਨਸ਼ਾ ਤਸਕਰਾਂ ਨਾਲ ਨੌਜਵਾਨਾਂ ਦੇ ਤਕਰਾਰ ਦੀਆਂ ਵੀ ਖਬਰਾਂ ਆ ਰਹੀਆਂ ਹਨ।


ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਵਿੱਚ ਨਸ਼ਾ ਵਧਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਨਹੀਂ ਸਗੋਂ ਔਰਤਾਂ ਵੀ ਨਸ਼ਾਖੋਰੀ ਤੇ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਇਸ ਮੁੱਦੇ 'ਤੇ ਪੰਜਾਬ ਕਾਂਗਰਸ ਦਾ ਸਹਿਯੋਗ ਜ਼ਰੂਰੀ ਹੋਇਆ ਤਾਂ ਉਹ ਇਕੱਠੇ ਖੜ੍ਹੇ ਹੋਣਗੇ।



ਉਧਰ, ਪੁਲਿਸ ਨੇ ਦਾਅਵਾ ਕੀਤਾ ਹੈ ਕਿ 'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਕੁੱਲ 18130 ਐਨਡੀਪੀਐਸ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਕੁੱਲ 1166 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਤੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਨਸ਼ਾ ਤਸਕਰੀ ਦੇ ਮਾਡਿਊਲਾਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਸਰਹੱਦੀ ਖੇਤਰਾਂ ਤੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ।



ਇਸ ਬਾਰੇ ਏਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਕੁੱਲ 1701.29 ਕਿਲੋ ਹੈਰੋਇਨ, 1145.62 ਕਿਲੋ ਅਫੀਮ ਤੇ 696.52 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਪੰਜਾਬ ਵਿੱਚ ਪਹਿਲਾਂ ਕੁੱਲ 208 ਆਊਟਪੇਸ਼ੇਂਟ ਓਪੀਔਡ ਅਸਿਸਟੇਡ ਟ੍ਰੀਟਮੈਂਟ (OOAT) ਕਲੀਨਿਕ ਸਨ ਪਰ 'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ 321 ਨਵੇਂ ਓਟ ਕਲੀਨਿਕ ਬਣਾਏ ਗਏ ਤੇ ਇਸ ਵੇਲੇ ਇਨ੍ਹਾਂ ਦੀ ਗਿਣਤੀ 529 ਤੱਕ ਪਹੁੰਚ ਗਈ ਹੈ।