Haryana Dry Day News: ਪਿਆਕੜਾਂ ਲਈ ਬੁਰੀ ਖਬਰ ਹੈ। ਹਰਿਆਣਾ ਨਾਲ ਲੱਗਦੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਤਰ੍ਹਾਂ ਮੁਹਾਲੀ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ ਤੇ ਮੁਕਤਸਰ ਸਾਹਿਬ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਦੇ ਤਿੰਨ ਕਿਲੋਮੀਟਰ ਦਾਇਰੇ ਵਿੱਚ ਠੇਕੇ ਬੰਦ ਰਹਿਣਗੇ।



ਦਰਅਸਲ ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਲਈ ਅੱਜ (8 ਅਕਤੂਬਰ) ਨੂੰ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੀ ਗਿਣਤੀ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਜ ਸੂਬੇ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਦਿਨ ਭਰ ਬੰਦ ਰਹੀਆਂ। ਇਸ ਤੋਂ ਪਹਿਲਾਂ ਇਹ ਜਾਣਕਾਰੀ ਹਰਿਆਣਾ ਚੋਣ ਕਮਿਸ਼ਨ ਨੇ ਦਿੱਤੀ ਸੀ।


ਇਹ ਵੀ ਪੜ੍ਹੋ: ਪੰਜਾਬ ਵਿਚ 17 ਅਕਤੂਬਰ ਦੀ ਛੁੱਟੀ, ਸਕੂਲ-ਕਾਲਜ, ਸਰਕਾਰੀ ਦਫਤਰ ਰਹਿਣਗੇ ਬੰਦ


ਹਰਿਆਣਾ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਸੀ ਕਿ ਹਰਿਆਣਾ ਵਿੱਚ ਸ਼ਰਾਬ ਦੇ ਠੇਕੇ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਨਾਲ ਲੱਗਦੇ ਦਿੱਲੀ, ਯੂਪੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਠੇਕੇ ਬੰਦ ਰਹਿਣਗੇ। ਇਨ੍ਹਾਂ ਰਾਜਾਂ ਵਿੱਚ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।



ਵੋਟਾਂ ਵਾਲੇ ਦਿਨ ਵੀ ਠੇਕੇ ਬੰਦ ਰਹੇ
ਇਸ ਤੋਂ ਪਹਿਲਾਂ ਹਰਿਆਣਾ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਭਾਵ 3 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਵੋਟਾਂ ਵਾਲੇ ਦਿਨ (5 ਅਕਤੂਬਰ) ਤੱਕ ਸ਼ਰਾਬ ਦੇ ਠੇਕੇ ਬੰਦ ਰਹੇ ਸਨ। ਕਮਿਸ਼ਨ ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹਰਿਆਣਾ ਵਿੱਚ 67.90 ਫੀਸਦੀ ਵੋਟਿੰਗ ਹੋਈ ਹੈ।


ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਸਾਰੀਆਂ ਪਾਰਟੀਆਂ ਦੇ ਕੁੱਲ 1031 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚ 464 ਆਜ਼ਾਦ ਤੇ 101 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ। ਇਨ੍ਹਾਂ ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਈ ਸੀ।



ਡਰਾਈ ਡੇਅ ਕਦੋਂ ਹੁੰਦਾ?
ਦਰਅਲ ਕਿਸੇ ਵੀ ਰਾਜ ਵਿੱਚ ਡਰਾਈ ਡੇਅ ਐਲਾਨਣ ਪਿੱਛੇ ਕਈ ਕਾਰਨ ਹੁੰਦੇ ਹਨ। ਰਾਸ਼ਟਰੀ ਤਿਉਹਾਰਾਂ ਤੇ ਧਾਰਮਿਕ ਤਿਉਹਾਰਾਂ ਨਾਲ ਸਬੰਧਤ ਮੌਕਿਆਂ 'ਤੇ ਅਕਸਰ ਡਰਾਈ ਡੇਅ ਐਲਾਨਿਆ ਜਾਂਦਾ ਹੈ। ਕੌਮੀ ਤਿਉਹਾਰਾਂ 'ਤੇ ਫ਼ੌਜੀਆਂ, ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਦੇ ਸਨਮਾਨ ਲਈ ਤੇ ਧਾਰਮਿਕ ਭਾਵਨਾਵਾਂ ਦੇ ਕਾਰਨ ਧਾਰਮਿਕ ਤਿਉਹਾਰਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ।


ਇਸ ਤੋਂ ਇਲਾਵਾ ਕਈ ਵਾਰ ਅਮਨ-ਕਾਨੂੰਨ ਕਾਰਨ ਸ਼ਹਿਰ ਜਾਂ ਸੂਬੇ ਵਿੱਚ ਡਰਾਈ ਡੇਅ ਐਲਾਨ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕਿਸੇ ਇਲਾਕੇ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਉਸ ਦਿਨ ਨੂੰ ਉਸ ਇਲਾਕੇ ਵਿੱਚ ਡਰਾਈ ਡੇਅ ਐਲਾਨ ਦਿੱਤਾ ਜਾਂਦਾ ਹੈ। ਇਹ ਫੈਸਲਾ ਕਾਨੂੰਨ ਵਿਵਸਥਾ ਨੂੰ ਲੈ ਕੇ ਲਿਆ ਗਿਆ ਹੈ।