ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਦੇ ਪੁਨਰਗਠਨ ਮਗਰੋਂ ਸਖ਼ਤ ਸੁਰੱਖਿਆ ਤੇ ਕਰਫਿਊ ਕਾਰਨ ਠੱਪ ਹੋਏ ਟ੍ਰਾਂਸਪੋਰਟ ਕਰਕੇ ਪੰਜਾਬ ਦੇ ਪੋਲਟਰੀ ਕਾਰੋਬਾਰੀਆਂ ਦੀ ਹਾਲਤ ਪਤਲੀ ਪੈਂਦੀ ਜਾ ਰਹੀ ਹੈ। ਇਸ ਖੜੋਤ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ’ਚ ਆਂਡਿਆਂ ਅਤੇ ਮੁਰਗੇ ਦੇ ਭਾਅ ਕਾਫੀ ਹੇਠਾਂ ਆ ਚੁੱਕੇ ਹਨ।

ਦੱਸਣਯੋਗ ਹੈ ਕਿ ਪੰਜਾਬ ਤੋਂ ਹਰ ਰੋਜ਼ ਜੰਮੂ-ਕਸ਼ਮੀਰ ਵਿੱਚ ਤਕਰੀਬਨ 300 ਗੱਡੀਆਂ ਆਂਡੇ ਭੇਜੇ ਜਾਂਦੇ ਹਨ। ਜ਼ਿਲ੍ਹਾ ਜਲੰਧਰ ਤੇ ਗੁਰਦਾਸਪੁਰ ਤੋਂ ਕਸ਼ਮੀਰ ਨੂੰ ਆਂਡੇ ਦੀ ਸਪਲਾਈ ਵੱਡੀ ਮਾਤਰਾ ਵਿੱਚ ਹੁੰਦੀ ਹੈ। ਪਰ ਪਿਛਲੇ ਤਿੰਨ ਦਿਨਾਂ ਤੋਂ ਸਪਲਾਈ ਕਾਫੀ ਪ੍ਰਭਾਵਿਤ ਹੋਈ ਹੈ, ਜਿਸ ਕਰਕੇ ਆਂਡੇ ਦੀ ਪ੍ਰਤੀ ਸੈਂਕੜਾ ਕੀਮਤ ਵਿੱਚ ਇਸ ਸਮੇਂ ਦੌਰਾਨ 20 ਰੁਪਏ ਦੀ ਕਮੀ ਆ ਗਈ ਹੈ। ਇਸੇ ਤਰ੍ਹਾਂ ਚਿਕਨ ਦਾ ਭਾਅ ਪਹਿਲਾਂ ਹੀ 10 ਤੋਂ 12 ਰੁਪਏ ਮੰਦਾ ਹੋ ਗਿਆ ਹੈ।

ਪੰਜਾਬ ਵਿੱਚ ਤਕਰੀਬਨ 1300 ਪੋਲਟਰੀ ਫਾਰਮ ਹਨ ਅਤੇ ਇਹ ਕਾਰੋਬਾਰ ਪਹਿਲਾਂ ਹੀ ਮੰਦੇ ਦੀ ਮਾਰ ਹੇਠ ਹੈ। ਸ੍ਰੀਨਗਰ ਵਿੱਚ ਬੈਂਕਾਂ ਬੰਦ ਹੋਣ ਕਰਕੇ ਪੋਲਟਰੀ ਮਾਲਕਾਂ ਦੀ ਅਦਾਇਗੀ ਵੀ ਰੁਕੀ ਹੋਈ ਹੈ। ਖਾਲੀ ਟਰੱਕ ਵੀ ਕਸ਼ਮੀਰ ਵਿੱਚ ਫਸੇ ਹੋਏ ਹਨ।