Punjab News: ਯੂਸੀਸੀ ਯਾਨਿ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਛਿੜੀ ਹੋਈ ਹੈ। ਕਈ ਪਾਰਟੀਆਂ ਇਸ ਦੇ ਹੱਕ ਵਿੱਚ ਗੱਲ ਕਰ ਰਹੀਆਂ ਹਨ ਤੇ ਜ਼ਿਆਦਾਤਰ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਦੇ ਹੱਕ ਵਿੱਚ ਗੱਲ ਕੀਤੀ ਗਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਉੱਤੇ ਨਿਸ਼ਾਨਾ ਸਾਧਦਿਆਂ ਇਸ ਨੂੰ ਆਪ ਦਾ ਦੋਗਲਾ ਚਿਹਰਾ ਕਰਾਰ ਦਿੱਤਾ ਗਿਆ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਸੀਸੀ ਦਾ ਵਿਰੋਧ ਕੀਤਾ ਹੈ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਸਹੀ ਗੱਲ ਦੀ ਸਮਝ ਆਉਣ ਲੱਗ ਗਈ ਹੈ। ਪਰ ਇਸ ਦਾ ਦੇਸ਼ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਦੇਖ ਲਿਆ ਹੈ।


ਡਾ ਚੀਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਕੌਮੀ ਪੱਧਰ ਉੱਤੇ ਬਿਆਨ ਦੇ ਕੇ ਯੂਸੀਸੀ ਦੇ ਹੱਕ ਵਿੱਚ ਵੋਟ ਪਾਈ ਸੀ ਪਰ ਹੁਣ ਭਗਵੰਤ ਮਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਲਈ ਆਮ ਆਦਮੀ ਪਾਰਟੀ ਨੂੰ ਇਸ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।


ਡਾ ਦਲਜੀਤ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਦੇ ਰਾਜ ਸਭਾ ਮੈਂਬਰ ਨੂੰ ਯੂਸੀਸੀ ਦੇ ਹੱਕ ਵਿੱਚ ਦਿੱਤਾ ਗਿਆ ਬਿਆਨ ਵਾਪਸ ਲੈਣ ਲਈ ਆਦੇਸ਼ ਦੇਣ ਨਹੀਂ ਤਾਂ ਕਿ ਇਸ ਵਿੱਚ ਦਿੱਲੀ ਦਾ ਸਟੈਂਡ ਸਪੱਸ਼ਟ ਕੀਤਾ ਜਾਵੇ। ਕਿਉਂਕਿ ਜਿੱਥੇ ਇਸ ਬਿੱਲ ਨੂੰ ਲੈ ਕੇ ਵੋਟਾਂ ਪੈਣੀਆਂ ਹਨ ਉੱਥੇ ਇਸ ਦੇ ਹੱਕ ਵਿੱਚ ਗੱਲ ਕੀਤੀ ਜਾ ਰਹੀ ਹੈ ਪਰ ਪੰਜਾਬ ਵਿੱਚ ਬਿਨਾਂ ਗੱਲ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।


ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਡਾ ਦੇਸ਼ ਇੱਕ ਗੁਲਦਸਤੇ ਵਾਂਗ ਹੈ ਹਰ ਧਰਮ ਦਾ ਆਪਣਾ ਸੱਭਿਆਚਾਰ ਹੈ ਤੇ ਆਪਣੀਆਂ ਰਸਮਾਂ ਹਨ ਪਰ ਪਤਾ ਨਹੀਂ ਇਹ ਕਿਉਂ ਰਸਮਾਂ ਨੂੰ ਵਿਗਾੜ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੰਵਿਧਾਨ ਕਹਿੰਦਾ ਹੈ ਕਿ ਜੇ ਹਰ ਕੋਈ ਸਮਾਜਿਕ ਤੌਰ 'ਤੇ ਬਰਾਬਰ ਹੈ, ਤਾਂ ਤੁਸੀਂ ਸਾਂਝਾ ਕੋਡ ਲਾਗੂ ਕਰੋ ਪਰ ਕੀ ਸਾਰੇ ਸਮਾਜਿਕ ਤੌਰ 'ਤੇ ਬਰਾਬਰ ਹੋ ਗਏ ਹਨ? ਇਸ ਮੌਕੇ ਭਾਰਤੀ ਜਨਤਾ ਪਾਰਟੀ ਉੱਤੇ ਨਿਸ਼ਾਨਾ ਸਾਧਧਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਜਪਾ ਦਾ ਏਜੰਡਾ ਹੈ, ਉਹ ਚੋਣਾਂ ਨੇੜੇ ਧਰਮ ਦਾ ਏਜੰਡਾ ਚਲਾਉਂਦੇ ਹਨ।