ਚੰਡੀਗੜ੍ਹ: ਮੋਹਾਲੀ,ਲੁਧਿਆਣਾ ਤੇ ਪਟਿਆਲਾ 'ਚ ਈ ਡੀ ਦੀਆਂ ਟੀਮਾਂ ਨੇ ਰੇਡਾਂ ਕੀਤੀਆਂ ਹਨ। ਪਟਿਆਲਾ 'ਚ ਹੁਸ਼ਿਆਰਪੁਰ ਜ਼ਮੀਨ ਘਪਲੇ ਨਾਲ ਜੁੜੇ ਹੋਏ ਪੀਸੀਐਸ ਅਧਿਕਾਰੀ ਅਨੰਦ ਸਾਗਰ ਸ਼ਰਮਾ ਦੇ ਘਰ ਰੇਡ ਹੋਈ ਹੈ। ਲੁਧਿਆਣਾ ਦੇ ਜਲਧਾਰਾ ਐਕਸਪੋਰਟ 'ਤੇ ਵੈਟ ਰੀਫੰਡ ਕੰਪਨੀ ਨੂੰ ਲੈ ਕੇ ਰੇਡ ਹੋਈ ਹੈ। ਇਸੇ ਤਰ੍ਹਾਂ ਮੋਹਾਲੀ 'ਚ ਸਟੱਡੀ ਵੀਜ਼ਾ 'ਤੇ ਅਸਟ੍ਰੇਲੀਆ ਭੇਜਣ ਵਾਲੀ ਇਮੀਗ੍ਰੇਸ਼ਨ ਕੰਪਨੀ ਦਾ ਫਰਜ਼ੀਵਾੜਾ ਫੜਿਆ ਗਿਆ ਹੈ। ਕੱਲ੍ਹ ਮੋਹਾਲੀ ਦੇ ਫੇਜ਼ 10 ਤੇ 11 'ਚ ਪੂਰਾ ਦਿਨ ਈਡੀ ਦੇ ਅਧਿਕਾਰੀਆਂ ਨੇ ਘਰਾਂ ਤੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਹੈ।
ਈ ਡੀ ਦੇ ਸੂਤਰਾਂ ਮੁਤਾਬਕ ਕੰਪਨੀ ਦੇ ਦਫ਼ਤਰ 'ਚੋਂ ਸਰਕਾਰੀ ਗਜ਼ਟਡ ਅਫਸਰਾਂ ਤੇ ਭਾਰਤ ਸਰਕਾਰ ਦੀਆਂ ਤਕਰੀਬਨ 50 ਮੋਹਰਾਂ ਬਰਾਮਦ ਹੋਈਆਂ ਹਨ।  ਵੱਖ ਵੱਖ ਬੈਂਕਾਂਥ ਦੇ ਬਹੁਤ ਸਾਰੇ ਖਾਲੀ ਐਫ ਡੀ ਆਰ ਸਰਟੀਫਿਕੇਟ ਵੀ ਮਿਲੇ ਹਨ। 20 ਲੱਖ ਰੁਪਇਆ ਕੈਸ਼ ਤੇ ਡੱਮੀ ਪਿਸਤੌਲ ਵੀ ਬਰਾਮਦ ਹੋਇਆ ਹੈ। ਈਡੀ ਨੇ ਸਥਾਨਕ ਪੁਲੀਸ ਨੂੰ ਜਾਅਲਸਾਜ਼ੀ ਤੇ ਧੋਖਾਧੜੀ ਦਾ ਕੇਸ ਦਰਜ ਕਰਨ ਲਈ ਕਿਹਾ ਹੈ।


ਸੂਤਰਾਂ ਮੁਤਬਾਕ ਈ ਡੀ ਵੱਲੋਂ ਹੋਰ ਪੁੱਛਗਿੱਛ ਦੇ ਅਧਾਰ 'ਤੇ ਅੱਗੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ ਕਿਉਂਕਿ ਅਜਿਹੇ ਮਾਮਲਿਆਂ 'ਚ ਪਹਿਲਾਂ ਵੀ ਬਹੁਤ ਸਾਰੇ ਗਿਰੋਹ ਸਾਹਮਣੇ ਆਉਂਦੇ ਰਹੇ ਹਨ।