Punjab Elections: ਇਸ ਸਾਲ ਪੰਜਾਬੀ ਚੋਣਾਂ ਵਿੱਚ ਰੁੱਝੇ ਰਹਿਣਗੇ। ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਪੇਂਡੂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਇਕੱਠੇ ਕਰਾਉਣ ਦੀ ਰਣਨੀਤੀ ਬਣਾ ਰਹੀ ਹੈ।
ਸੂਤਰਾਂ ਮੁਤਾਬਕ 5 ਨਗਰ ਨਿਗਮਾਂ ਤੇ 42 ਨਗਰ ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ ਇਸੇ ਵਰ੍ਹੇ ਸਤੰਬਰ-ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵੀ ਇਨ੍ਹਾਂ ਨਿਗਮ ਤੇ ਕੌਂਸਲ ਚੋਣਾਂ ਦੇ ਨਾਲ ਹੀ ਕਰਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦਰਅਸਲ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਫਸਵਾਂ ਮੁਕਾਬਲਾ ਹੋਣ ਦੀ ਸੰਭਵਾਨਾ ਹੈ। ਇਸ ਤੋਂ ਪਹਿਲਾਂ ਹਰ ਪਾਰਟੀ ਆਪਣੇ ਹੱਕ ਵਿੱਚ ਲਹਿਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਕੇ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਇਸ ਦੇ ਜਵਾਬ ਵਿੱਚ ਪੇਂਡੂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰਵਾ ਕੇ ਆਪਣੇ ਹੱਕ ਵਿੱਚ ਲਹਿਰ ਸਿਰਜਣ ਦੀ ਕੋਸ਼ਿਸ਼ ਕਰੇਗੀ।
ਦਰਅਸਲ ਜਲੰਧਰ ਜ਼ਿਮਨੀ ਚੋਣਾਂ ਵਿੱਚ ਹਾਕਮ ਧਿਰ ਨੂੰ ਮਿਲੀ ਜਿੱਤ ਦਾ ਫ਼ਾਇਦਾ ‘ਆਪ’ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਲੈਣਾ ਚਾਹੁੰਦੀ ਹੈ। ਪੰਜਾਬ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ ਤੇ 153 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ‘ਆਪ’ ਵੱਲੋਂ ਰਣਨੀਤੀ ਘੜੀ ਜਾ ਰਹੀ ਹੈ। ਜੇ ਇਹ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਪਹਿਲੀ ਦਫ਼ਾ ਹੋਵੇਗਾ ਕਿ ਨਿਗਮ ਤੇ ਕੌਂਸਲ ਚੋਣਾਂ ਤੇ ਪੰਚਾਇਤ ਸੰਮਤੀਆਂ ਚੋਣਾਂ ਇਕੱਠੀਆਂ ਹੋਣਗੀਆਂ।
ਦੱਸ ਦਈਏ ਕਿ ਪੰਜਾਬ ਵਿੱਚ ਸ਼ਹਿਰੀ ਤੇ ਪੇਂਡੂ ਸਥਾਨਿਕ ਸੰਸਥਾਵਾਂ ’ਤੇ ਇਸ ਵੇਲੇ ਵਿਰੋਧੀ ਧਿਰਾਂ ਹੀ ਕਾਬਜ਼ ਹਨ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਥਾਨਕ ਚੋਣਾਂ ਵਿੱਚ ‘ਆਪ’ ਆਪਣੀ ਪੈਂਠ ਕਾਇਮ ਕਰਨਾ ਚਾਹੁੰਦੀ ਹੈ। ਉਸ ਮਗਰੋਂ ਹੀ ‘ਆਪ’ ਸਰਕਾਰ ਗਰਾਂਟਾਂ ਦੇ ਮੂੰਹ ਪਿੰਡਾਂ ਤੇ ਸ਼ਹਿਰਾਂ ਵੱਲ ਕਰਨ ਦੀ ਇੱਛੁਕ ਹੈ। ‘ਆਪ’ ਇਨ੍ਹਾਂ ਸਥਾਨਕ ਚੋਣਾਂ ਨਾਲ ਆਪਣਾ ਪਸਾਰ ਕਰਨਾ ਚਾਹੁੰਦੀ ਹੈ ਤੇ ਆਪਣੇ ਸਥਾਨਕ ਪੱਧਰ ਦੇ ਆਗੂਆਂ ਨੂੰ ਰੁਤਬਾ ਦੇਣਾ ਚਾਹੁੰਦੀ ਹੈ ਤਾਂ ਜੋ ਉਹ ਆਗਾਮੀ ਲੋਕ ਸਭਾ ਚੋਣਾਂ ਵਿੱਚ ਜੁੱਟ ਸਕਣ।