ਨਵੀਂ ਦਿੱਲੀ: ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਲਗਾਤਾਰ ਡੇਰਾ ਮੁਖੀ ਦੀ ਨੇੜਲੀ ਹਨੀਪ੍ਰੀਤ ਤੇ ਡੇਰੇ ਨਾਲ ਜੁੜੇ ਲੋਕਾਂ ਦੇ ਰਾਜ ਉਗਲਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਨਾਲ ਜੁੜੀ ਕਮੇਟੀ ਮੈਂਬਰ ਤੇ ਡੇਰੇ ਨਾਲ ਜੁੜੇ ਪ੍ਰਮੁੱਖ ਲੋਕਾਂ ਦੀ ਲਿਸਟ ਤਿਆਰ ਕੀਤੀ ਹੈ।


ਇਸ ਲਿਸਟ ਵਿੱਚ ਡੇਰੇ ਦੀ ਕਮੇਟੀ ਦੇ 44 ਮੈਂਬਰ ਤੇ ਡੇਰੇ ਨਾਲ ਜੁੜੇ 34 ਹੋਰ ਲੋਕਾਂ ਦੇ ਨਾਮ ਹਨ। ਪੁਲਿਸ ਇਨ੍ਹਾਂ ਲੋਕਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਹਿ ਸਕਦੀ ਹੈ। ਹਨੀਪ੍ਰੀਤ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਉਸ ਕੋਲੋਂ ਲਗਾਤਾਰ ਪੁੱਛਗਿੱਛ ਜਾਰੀ। ਪੁਲਿਸ ਸੂਤਰਾਂ ਮੁਤਾਬਕ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ।

ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਪੰਚਕੂਲਾ ਵਿੱਚ ਪੁਲਿਸ ਨੂੰ ਕਿਹਾ ਕਿ ਬਠਿੰਡਾ ਪਹੁੰਚ ਕੇ ਸਭ ਦੱਸ ਦਵਾਂਗੀ ਪਰ ਹੁਣ ਉੱਥੇ ਜਾ ਕੇ ਵੀ ਕੁਝ ਨਹੀਂ ਦੱਸ ਰਹੀ। ਹਨੀਪ੍ਰੀਤ ਲਗਾਤਾਰ ਰੱਟਿਆ-ਰਟਾਇਆ ਜਵਾਬ ਦੇ ਰਹੀ ਹੈ ਕਿ ਮੈਨੂੰ ਕੁਝ ਨਹੀਂ ਪਤਾ। ਹੁਣ ਤੱਕ ਦੀ ਜਾਂਚ ਵਿੱਚ ਹਰਿਆਣਾ ਪੁਲਿਸ ਨੂੰ ਡੇਰੇ ਵਿੱਚੋਂ ਕੰਪਿਊਟਰ ਦੀ ਟੁੱਟੀ ਹੋਈ ਹਾਰਡਡਿਸਕ ਮਿਲੀ ਹੈ। ਇਸ ਹਾਰਡ ਡਿਸਕ ਵਿੱਚ ਡੇਰੇ 'ਚ ਪੈਸੇ ਤੇ ਹਥਿਆਰ ਹੋਣ ਬਾਰੇ ਖੁਲਾਸਾ ਹੋਇਆ ਹੈ।

25 ਅਗਸਤ ਨੂੰ ਰਾਮ ਰਹੀਮ ਦੀ ਪੇਸ਼ੀ ਦੇ ਦੌਰਾਨ ਪੰਚਕੂਲਾ ਵਿੱਚ ਜੋ ਹਿੰਸਾ ਭੜਕੀ ਸੀ, ਉਸ ਦੀ ਸਕਰਿਪਟ ਲਿਖਣ ਵਿੱਚ ਹਨੀਪ੍ਰੀਤ ਦਾ ਵੀ ਹੱਥ ਸੀ। ਪੁਲਿਸ ਦੇ ਦਾਅਵੇ ਮੁਤਾਬਕ ਪੁੱਛਗਿੱਛ ਵਿੱਚ ਆਇਆ ਹੈ ਕਿ ਹਿੰਸਾ ਫੈਲਾਉਣ ਲਈ ਹਨੀਪ੍ਰੀਤ ਨੇ ਡੇਰਾ ਸਮਰਥਕਾਂ ਨੂੰ ਸਵਾ ਕਰੋੜ ਰੁਪਏ ਵੰਡੇ ਸਨ। ਪੰਚਕੂਲਾ ਪੁਲਿਸ ਦਾ ਦਾਅਵਾ ਹੈ ਕਿ ਇਸ ਹਿੰਸਾ ਦੀ ਸਕਰਿਪਟ ਹਿੰਸਾ ਤੋਂ 8 ਦਿਨ ਪਹਿਲਾਂ ਮਤਲਬ 17 ਅਗਸਤ ਨੂੰ ਹੀ ਲਿਖ ਦਿੱਤੀ ਗਈ ਸੀ। ਪੁਲਿਸ ਮੁਤਾਬਕ ਹਿੰਸਾ ਦੀ ਸਾਜਿਸ਼ ਰਚਣ ਵਾਲਿਆਂ ਵਿੱਚ ਖੁਦ ਬਾਬਾ ਰਾਮ ਰਹੀਮ, ਹਨੀਪ੍ਰੀਤ, ਰਾਮ ਰਹੀਮ ਦਾ ਪੀ.ਏ. ਰਾਕੇਸ਼ ਕੁਮਾਰ ਤੇ ਸਿਕਿਉਰਿਟੀ ਇੰਚਾਰਜ ਪ੍ਰੀਤਮ ਸ਼ਾਮਲ ਸੀ।

ਪੁਲਿਸ ਮੁਤਾਬਕ ਹਨੀਪ੍ਰੀਤ ਨੇ ਹਿੰਸਾ ਫੈਲਾਉਣ ਲਈ ਡੇਰਾ ਸਮਰਥਕਾਂ ਦੇ ਵਿੱਚ ਸਵਾ ਕਰੋੜ ਰੁਪਏ ਵੰਡੇ ਸਨ। ਇਸ ਸਵਾ ਕਰੋੜ ਵਿੱਚੋਂ ਇੱਕ ਕਰੋੜ ਰੁਪਏ ਖਰਚ ਹੋ ਚੁੱਕੇ ਹਨ ਜਦਕਿ 24 ਲੱਖ ਇੱਕ ਮੁਲਜ਼ਮ ਕੋਲੋਂ ਬਰਾਮਦ ਕੀਤਾ ਗਿਆ ਹੈ। ਹਨੀਪ੍ਰੀਤ ਖਿਲਾਫ ਪੁਲਿਸ ਨੂੰ ਕਈ ਸਬੂਤ ਮਿਲੇ ਹਨ ਤੇ ਕਈ ਸਬੂਤਾਂ ਦੀ ਤਲਾਸ਼ ਹੈ।