ਕਰਨਾਲ: ਕਰਨਾਲ ਤੋਂ ਗ੍ਰਿਫਤਾਰ ਕੀਤੇ ਪੰਜਾਬ ਦੇ ਚਾਰ ਨੌਜਵਾਨ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾ ਰਹੇ ਸਨ। ਇਸ ਤੋਂ ਪਹਿਲਾਂ ਇਹ ਧਮਾਕਾਖੇਜ਼ ਸਮੱਗਰੀ ਦੀ ਖੇਪ ਨਾਂਦੇੜ ਵੀ ਪਹੁੰਚਾ ਚੁੱਕੇ ਹਨ। ਇਹ ਖੁਲਾਸਾ ਕਰਨਾਲ ਦੇ ਐਸਪੀ ਗੰਗਾਰਾਮ ਪੂਨੀਆ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ, ਉਸ ਦਾ ਭਰਾ ਅਮਨਦੀਪ, ਪਰਮਿੰਦਰ ਤੇ ਭੁਪਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ 'ਚੋਂ ਤਿੰਨ ਫਿਰੋਜ਼ਪੁਰ ਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਪਾਕਿਸਤਾਨ 'ਚ ਰਹਿ ਰਹੇ ਅਤਿਵਾਦੀ ਹਰਵਿੰਦਰ ਸਿੰਘ ਇਸ ਧਮਾਕਾਖੇਜ਼ ਸਮੱਗਰੀ ਡ੍ਰੋਨ ਰਾਹੀਂ ਫਿਰੋਜ਼ਪੁਰ 'ਚ ਸੁੱਟ ਰਿਹਾ ਹੈ। ਫਿਰ ਇਨ੍ਹਾਂ ਨੂੰ ਦੇਸ਼ ਦੇ ਹੋਰ ਸੂਬਿਆਂ 'ਚ ਪਹੁੰਚਾਇਆ ਜਾ ਰਿਹਾ ਹੈ। ਐਸਪੀ ਨੇ ਦੱਸਿਆ ਕਿ ਇਸ ਅਤਿਵਾਦੀ ਗਰੋਹ ਨੂੰ ਡ੍ਰੋਨ ਰਾਹੀਂ ਪਹਿਲਾਂ ਵੀ ਦੋ ਖੇਪਾਂ ਮਿਲ ਚੁੱਕੀਆਂ ਹਨ।

ਦੱਸ ਦਈਏ ਕਿ ਕਰਨਾਲ ਪੁਲਿਸ ਨੇ ਪੰਜਾਬ ਤੋਂ ਦਿੱਲੀ ਜਾ ਰਹੇ 4 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਇਨੋਵਾ ਵਿੱਚ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੇ ਖਦਸ਼ੇ ਕਾਰਨ ਬੰਬ ਨਕਾਰਾ ਦਸਤੇ ਤੇ ਰੋਬੋਟ ਮੰਗਵਾਏ ਗਏ। ਆਈਬੀ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕਰਨਾਲ ਦੇ ਮਧੂਬਨ ਥਾਣਾ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕੀਤਾ।

ਐਸਪੀ ਗੰਗਾਰਾਮ ਪੂਨੀਆ ਨੇ ਚਾਰ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਕੰਟੇਨਰਾਂ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾਇਆ ਜਾ ਰਿਹਾ ਸੀ। ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ ਤੇ 31 ਕਾਰਤੂਸ ਵੀ ਮਿਲੇ ਹਨ। ਉਨ੍ਹਾਂ ਕੋਲੋਂ 7.5 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਛੇ ਮੋਬਾਈਲ ਫ਼ੋਨ ਤੇ 1.3 ਲੱਖ ਰੁਪਏ ਬਰਾਮਦ ਕੀਤੇ ਹਨ।


ਇਹ ਵੀ ਪੜ੍ਹੋ :ਰਾਜਸਥਾਨ 'ਚ ਹੋਏ ਦੰਗਿਆਂ ਨੂੰ ਲੈ ਕੇ CM ਗਹਿਲੋਤ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਖੁੱਲ੍ਹੀ ਚੁਣੌਤੀ, ਦਿੱਤਾ ਇਹ ਚੈਂਲੇਂਜ