ਕਪੂਰਥਲਾ: ਪਿਆਰ ਇੱਕ ਛੋਟਾ ਜਿਹਾ ਸ਼ਬਦ ਹੈ, ਜੋ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ। ਇਸ ਦਾ ਭੇਤ ਉਹੀ ਪਾ ਸਕਦਾ ਹੈ, ਜੋ ਇਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਿਆਰ ਦਾ ਕੋਈ ਧਰਮ, ਜਾਤ ਜਾਂ ਦੇਸ਼ ਨਹੀ ਹੁੰਦਾ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਪਿਆਰ ਭਾਸ਼ਾਵਾਂ ਦੇ ਬੰਧਨ ਤੋਂ ਪਰ੍ਹੇ ਹੁੰਦਾ ਹੈ।

ਇਸ ਦੀ ਤਾਜ਼ਾ ਮਿਸਾਲ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਫੱਤੂਢੀਂਗਾ 'ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਅਮਰੀਕਨ ਗੋਰੀ ਸਟੀਵੇਟ ਪੰਜਾਬੀ ਗੱਭਰੂ ਲਵਪ੍ਰੀਤ ਸਿੰਘ ਲਵਲੀ ਨਾਲ ਵਿਆਹ ਕਰਵਾਉਣ ਲਈ ਪੰਜਾਬ ਪਹੁੰਚੀ।

ਇਸ ਪਿਆਰ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਇਕ-ਦੂਜੇ ਦੀ ਭਾਸ਼ਾ ਨਹੀਂ ਸਮਝਦੇ, ਫਿਰ ਵੀ ਇਕ ਦੂਜੇ ਦੇ ਪਿਆਰ ਵਿਚ ਪੈ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ ਇਕ ਸਾਲ ਪਹਿਲਾ ਅਮਰੀਕਾ ਦੀ ਰਹਿਣ ਵਾਲੀ ਗੋਰੀ ਮੇਮ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ।

ਨੌਜਵਾਨ ਨੇ ਕਦੇ ਇਹ ਵੀ ਨਹੀਂ ਸੀ ਸੋਚਿਆ ਕਿ ਉਸ ਦੀ ਇਹ ਦੋਸਤੀ ਪਹਿਲਾਂ ਪਿਆਰ ਅਤੇ ਫਿਰ ਵਿਆਹ ਤੱਕ ਪਹੁੰਚ ਜਾਵੇਗੀ। ਚੈਟਿੰਗ ਕਰਦੇ ਦੋਹਾਂ ਦੀ ਦੋਸਤੀ ਪਿਆਰ ਤੱਕ ਪਹੁੰਚ ਗਈ ਅਤੇ ਫਿਰ ਇਕੱਠੇ ਰਹਿਣ ਦਾ ਵਾਅਦਾ ਤੱਕ ਕਰ ਲਿਆ। ਤਮਾਮ ਔਕੜਾਂ ਦੇ ਬਾਵਜੂਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਮੇਮ ਕੁਝ ਦਿਨ ਪਹਿਲਾਂ ਹੀ ਲਵਪ੍ਰੀਤ ਦੇ ਪਿੰਡ ਆਈ ਅਤੇ ਦੋਹਾਂ ਨੇ ਇਥੇ ਗੁਰਦੁਆਰਾ ਸਾਹਿਬ 'ਚ ਲਾਵਾਂ ਲੈ ਕੇ ਵਿਆਹ ਕਰਵਾਇਆ।

ਲਵਪ੍ਰੀਤ ਦਾ ਕਹਿਣਾ ਹੈ ਕਿ ਦੋਵੇਂ ਬੇਸ਼ੱਕ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਇਸ ਦੇ ਨਾਲ ਹੀ ਲਵਪ੍ਰਰੀਤ ਦੇ ਪਰਿਵਾਰ ਵਾਲੇ ਇਸ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਫੱਤੂਢੀਂਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾ ਮੁਤਾਬਕ ਦੋਹਾਂ ਦਾ ਵਿਆਹ ਹੋ ਗਿਆ ਹੈ ਅਤੇ ਹੁਣ ਅਮਰੀਕਨ ਗੋਰੀ ਮੇਮ ਲਵਪ੍ਰੀਤ ਦੇ ਘਰ ਰਹਿ ਰਹੀ ਹੈ।