ਚੰਡੀਗੜ੍ਹ: ਫਰਜ਼ੀ ਪੁਲਿਸ ਮੁਕਾਬਲੇ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ ਮਿਲ ਗਈ ਹੈ। ਸੀਬੀਆਈ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ 26 ਸਾਲ ਪੁਰਾਣੇ ਕੇਸ ਨਾਲ ਸਾਬਕਾ ਅਫਸਰ ਦਾ ਕੋਈ ਲੈਣਾ-ਦੇਣਾ ਨਹੀਂ। ਹਾਈਕੋਰਟ ਦੇ ਕਹਿਣ 'ਤੇ ਹੀ ਖੂਬੀ ਰਾਮ ਸਣੇ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਕਾਬਲੇਗੌਰ ਹੈ ਕਿ ਤਰਨ ਤਾਰਨ ਵਿੱਚ 26 ਸਾਲ ਪਹਿਲਾਂ ਪੰਜਾਬ ਪੁਲਿਸ ਵੱਲੋਂ ਪਰਿਵਾਰ ਦੇ ਛੇ ਜੀਆਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਇਲ ਬਹੁ-ਚਰਚਿਤ ਕੇਸ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਚੱਲ ਰਹੀ ਹੈ। ਸੀਬੀਆਈ ਨੇ ਤਿੰਨ ਪੰਨਿਆਂ ਦੀ ਅਰਜ਼ੀ ਦਾਇਰ ਕਰਕੇ ਕੈਪਟਨ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਬਚਾਅ ਪੱਖ ਦੇ ਅਹਿਮ ਗਵਾਹ ਤੇ ਗਰਮਖ਼ਿਆਲੀ ਆਗੂ ਕੰਵਰ ਸਿੰਘ ਧਾਮੀ ਨੇ ਸੀਬੀਆਈ ਅਦਾਲਤ ਵਿੱਚ ਦਰਜ ਕਰਵਾਏ ਆਪਣੇ ਬਿਆਨਾਂ ਤੇ ਧਾਰਾ 319 ਅਧੀਨ ਵਕੀਲ ਪੁਸ਼ਪਿੰਦਰ ਸਿੰਘ ਰਾਹੀਂ ਅਰਜ਼ੀ ਦਾਇਰ ਖੂਬੀ ਰਾਮ ਨੂੰ ਮੁਲਜ਼ਮ ਬਣਾਉਣ ਦੀ ਗੁਹਾਰ ਲਾਈ ਸੀ। ਧਾਮੀ ਨੇ ਦਾਅਵਾ ਕੀਤਾ ਸੀ ਕਿ ਜਦੋਂ 1993 ਵਿੱਚ ਬਾਬਾ ਚਰਨ ਸਿੰਘ ਤੇ ਉਸ ਦੇ ਪਰਿਵਾਰ ਦੇ ਜੀਆਂ ਨੂੰ ਕਤਲ ਕੀਤਾ ਗਿਆ ਸੀ ਤਾਂ ਉਸ ਸਮੇਂ ਖੂਬੀ ਰਾਮ ਤਰਨ ਤਾਰਨ ਵਿੱਚ ਐਸਪੀ (ਅਪਰੇਸ਼ਨ) ਦੇ ਅਹੁਦੇ ’ਤੇ ਤਾਇਨਾਤ ਸੀ।
ਗਵਾਹ ਦਾ ਕਹਿਣਾ ਹੈ ਕਿ ਉਹ ਝੂਠੇ ਪੁਲਿਸ ਮੁਕਾਬਲੇ ਦਾ ਚਸ਼ਮਦੀਦ ਹੈ। ਇਸ ਸਬੰਧੀ ਅਦਾਲਤ ਨੇ ਸੀਬੀਆਈ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਸੀ। ਸੀਬੀਆਈ ਨੇ ਲਿਖਤੀ ਰੂਪ ਵਿੱਚ ਅਦਾਲਤ ਨੂੰ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਕਿਤੇ ਵੀ ਖੂਬੀ ਰਾਮ ਦੀ ਸ਼ੱਕੀ ਭੂਮਿਕਾ ਸਾਹਮਣੇ ਨਹੀਂ ਆਈ ਤੇ ਨਾ ਹੀ ਸੀਬੀਆਈ ਵੱਲੋਂ ਆਪਣੀ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਯਾਦ ਰਹੇ ਹਾਈਕੋਰਟ ਦੇ ਹੁਕਮਾਂ ’ਤੇ 30 ਮਈ 1997 ਨੂੰ ਤਰਨ ਤਾਰਨ ਦੇ ਸਾਬਕਾ ਐਸਐਸਪੀ ਮਰਹੂਮ ਅਜੀਤ ਸਿੰਘ ਸੰਧੂ, ਤਤਕਾਲੀ ਐਸਪੀ (ਅਪਰੇਸ਼ਨ) ਖੂਬੀ ਰਾਮ, ਡੀਐਸਪੀ ਗੁਰਮੀਤ ਸਿੰਘ ਰੰਧਾਵਾ ਤੇ ਕਸ਼ਮੀਰ ਸਿੰਘ ਗਿੱਲ, ਇੰਸਪੈਕਟਰ ਸੂਬਾ ਸਿੰਘ ਸਮੇਤ ਕਰੀਬ 10 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਸੁਰਜੀਤ ਕੌਰ ਪਤਨੀ ਬਾਬਾ ਚਰਨ ਸਿੰਘ ਵਾਸੀ ਪਿੰਡ ਪੰਡੋਰੀ (ਤਰਨ ਤਾਰਨ) ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ।
ਸੀਬੀਆਈ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਅਪਰੈਲ 1993 ਵਿੱਚ ਸੀਆਈਏ ਸਟਾਫ਼ ਤਰਨ ਤਾਰਨ ਦੇ ਮੁਖੀ ਸੂਬਾ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਬਾਬਾ ਚਰਨ ਸਿੰਘ ਨੂੰ ਉਦੋਂ ਅਗਵਾ ਕੀਤਾ ਗਿਆ ਜਦੋਂ ਉਹ ਤਤਕਾਲੀ ਐਸਐਸਪੀ ਅਜੀਤ ਸਿੰਘ ਸੰਧੂ ਕੋਲ ਆਤਮ ਸਮਰਪਣ ਕਰਨ ਜਾ ਰਹੇ ਸਨ। ਬਾਅਦ ਵਿੱਚ ਐਸਐਸਪੀ ਅਜੀਤ ਸਿੰਘ ਸੰਧੂ, ਡੀਐਸਪੀ ਗੁਰਮੀਤ ਸਿੰਘ, ਇੰਸਪੈਕਟਰ ਸੂਬਾ ਸਿੰਘ ਨੇ ਮਹੰਤ ਸੇਵਾਦਾਸ ਸਿੰਘ, ਜਗਬੀਰ ਸਿੰਘ ਦੀ ਮੌਜੂਦਗੀ ਵਿੱਚ ਬਾਬਾ ਚਰਨ ਸਿੰਘ ਤੋਂ ਪੁੱਛ-ਗਿੱਛ ਕੀਤੀ ਸੀ।
ਜਾਂਚ ਵਿੱਚ ਪਤਾ ਲੱਗਾ ਕਿ ਬਾਬਾ ਚਰਨ ਸਿੰਘ ਨੂੰ ਡੀਐਸਪੀ ਕਸ਼ਮੀਰ ਸਿੰਘ ਗਿੱਲ ਜੁਲਾਈ 1993 ਵਿੱਚ ਬੜੌਦਾ ਲੈ ਗਿਆ ਤੇ ਬਾਬੇ ਦੇ ਖ਼ਾਤੇ ’ਚੋਂ 4.17 ਲੱਖ ਰੁਪਏ ਕਢਵਾਏ ਗਏ। 1993 ਵਿੱਚ ਬਾਬਾ ਚਰਨ ਸਿੰਘ ਸਮੇਤ ਉਸ ਦੇ ਤਿੰਨ ਭਰਾਵਾਂ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਸਾਲੇ ਗੁਰਮੀਤ ਸਿੰਘ, ਉਸ ਦੇ ਬੇਟੇ ਬਲਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।
ਫਰਜ਼ੀ ਪੁਲਿਸ ਮੁਕਾਬਲੇ 'ਚੋਂ ਕੈਪਟਨ ਦੇ ਸਲਾਹਕਾਰ ਨੂੰ ਕਲੀਨ ਚਿੱਟ
ਏਬੀਪੀ ਸਾਂਝਾ
Updated at:
22 Sep 2019 01:45 PM (IST)
ਫਰਜ਼ੀ ਪੁਲਿਸ ਮੁਕਾਬਲੇ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ ਮਿਲ ਗਈ ਹੈ। ਸੀਬੀਆਈ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ 26 ਸਾਲ ਪੁਰਾਣੇ ਕੇਸ ਨਾਲ ਸਾਬਕਾ ਅਫਸਰ ਦਾ ਕੋਈ ਲੈਣਾ-ਦੇਣਾ ਨਹੀਂ। ਹਾਈਕੋਰਟ ਦੇ ਕਹਿਣ 'ਤੇ ਹੀ ਖੂਬੀ ਰਾਮ ਸਣੇ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਸਿਵਲ ਕੱਪੜਿਆਂ 'ਚ ਖੂਬੀ ਰਾਮ।
- - - - - - - - - Advertisement - - - - - - - - -