Robert Abraham



ਮੋਗਾ/ਚੰਡੀਗੜ੍ਹ: ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਪੰਜਾਬ ਦੌਰੇ 'ਤੇ ਹਨ। ਅੱਜ ਮੋਗਾ ਵਿੱਚ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਹਰ ਔਰਤ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਕੇਜਰੀਵਾਲ ਨੇ ਰੈਲੀ 'ਚ ਕਿਹਾ ਕਿ ਜੇਕਰ ਪਰਿਵਾਰ 'ਚ ਧੀ, ਨੂੰਹ, ਸੱਸ ਹੈ ਤਾਂ ਸਾਰਿਆਂ ਦੇ ਖਾਤੇ 'ਚ 1-1 ਹਜ਼ਾਰ ਰੁਪਏ ਭੇਜ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ 'ਤੇ ਵੀ ਹਮਲਾ ਬੋਲਿਆ।

ਕੇਜਰੀਵਾਲ ਨੇ ਕਿਹਾ, 'ਮੈਂ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮਦਾ ਦੇਖ ਰਿਹਾ ਹਾਂ। ਮੈਂ ਜੋ ਵੀ ਵਾਅਦਾ ਕਰਕੇ ਜਾਂਦਾ ਹਾਂ, ਦੋ ਦਿਨਾਂ ਬਾਅਦ ਉਹ ਵੀ ਉਹੀ ਵਾਅਦਾ ਕਰਦਾ ਹੈ ਪਰ ਕੋਈ ਕੰਮ ਨਹੀਂ ਕਰਦਾ।"

ਕੇਜਰੀਵਾਲ ਨੇ ਕਿਹਾ ਕਿ "ਕਹਿੰਦਾ ਹੈ ਬਿਜਲੀ ਬਿੱਲ ਫਰੀ ਹੋ ਗਿਆ, ਪਰ ਅਜਿਹਾ ਕਿਸੇ ਨਾਲ ਨਹੀਂ ਹੋਇਆ। ਤੁਹਾਡੀ ਸਰਕਾਰ ਬਣੀ ਤਾਂ ਭਵਿੱਖ ਬਣੇਗਾ। ਬਿਜਲੀ ਦਾ ਬਿੱਲ ਜ਼ੀਰੋ ਕਰਨਾ ਕੋਈ ਨਹੀਂ ਜਾਣਦਾ, ਸਿਰਫ ਕੇਜਰੀਵਾਲ ਹੀ ਕਰ ਸਕਦਾ ਹੈ, ਇਸ ਲਈ ਨਕਲੀ ਕੇਜਰੀਵਾਲ ਤੋਂ ਦੂਰ ਰਹੋ।"


 










ਸਿਹਤ ਸੇਵਾ 'ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੁਹੱਲਾ ਕਲੀਨਕ ਬਣਾਉਣ 'ਤੇ 20 ਲੱਖ ਰੁਪਏ ਲੱਗਦੇ ਹਨ ਤੇ ਸਿਰਫ 10 ਦਿਨ ਲੱਗਦੇ ਹਨ, ਫਿਰ ਨਕਲੀ ਕੇਜਰੀਵਾਲ ਨੇ ਕਿਉਂ ਨਹੀਂ ਬਣਾਇਆ, ਇਹ ਕੰਮ ਸਿਰਫ ਅਸਲੀ ਕੇਜਰੀਵਾਲ ਹੀ ਕਰ ਸਕਦਾ ਹੈ।

ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਧੀਆਂ ਦੀ ਸਿੱਖਿਆ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਬਹੁਤ ਸਾਰੀਆਂ ਧੀਆਂ ਕਾਲਜ ਨਹੀਂ ਜਾ ਸਕਦੀਆਂ, ਪਰ ਹੁਣ ਜਾ ਸਕਣਗੀਆਂ, ਧੀਆਂ ਹੁਣ ਨਵਾਂ ਸੂਟ ਖਰੀਦ ਸਕਣਗੀਆਂ।
 
ਮੋਗਾ 'ਚ ਕੇਜਰੀਵਾਲ ਨੇ ਮੋਦੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ, ਮੋਦੀ ਜੀ ਨੇ ਨੋਟਬੰਦੀ ਕਰਕੇ ਸਾਰਾ ਪੈਸਾ ਦੱਬ ਦਿੱਤਾ ਸੀ, ਪਰ ਇਸ ਸਕੀਮ ਨਾਲ ਔਰਤਾਂ ਨੂੰ ਤਾਕਤ ਮਿਲੇਗੀ।