ਅੰਮ੍ਰਿਤਸਰ: 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅੰਮ੍ਰਿਤਸਰ ਦੇ ਕਾਰੋਬਾਰੀ ਗੁਰਪਿੰਦਰ ਸਿੰਘ ਦੀ ਬੀਤੇ ਕੱਲ੍ਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਮੌਤ ਤੋਂ ਬਾਅਦ ਜਿੱਥੇ ਜੁਡੀਸ਼ੀਅਲ ਜਾਂਚ ਸ਼ੁਰੂ ਹੋ ਚੁੱਕੀ ਹੈ। ਪਰ ਪਰਿਵਾਰ ਨੂੰ ਗੁਰਪਿੰਦਰ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸ਼ੰਕਿਆਂ ਵਿੱਚ ਘਿਰਿਆ ਹੋਇਆ ਹੈ। ਪਰਿਵਾਰ ਇਸ਼ਾਰਿਆਂ ਇਸ਼ਾਰਿਆਂ ਵਿੱਚ ਗੁਰਪਿੰਦਰ ਦੀ ਮੌਤ ਨੂੰ ਕਤਲ ਦੱਸ ਰਿਹਾ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕਰ ਰਿਹਾ ਹੈ।

ਅੰਮ੍ਰਿਤਸਰ ਦੇ ਵਿੱਚ ਅੱਜ ਗੁਰੂ ਨਾਨਕ ਹਸਪਤਾਲ ਵਿਖੇ ਗੁਰਪਿੰਦਰ ਦਾ ਪੋਸਟਮਾਰਟਮ ਹੋਇਆ ਪੋਸਟਮਾਰਟਮ ਤੋਂ ਪਹਿਲਾਂ ਜੁਡੀਸ਼ੀਅਲ ਮੈਜਿਸਟ੍ਰੇਟ ਨਿਆਇਕ ਜਾਂਚ ਲਈ ਪਹੁੰਚੇ ਅਤੇ ਉਨ੍ਹਾਂ ਨੇ ਜਾਂਚ ਦੀ ਲੋੜੀਂਦੀ ਕਾਰਵਾਈ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਗੁਰਪਿੰਦਰ ਦਾ ਪੋਸਟਮਾਰਟਮ ਪਰਿਵਾਰਕ ਮੈਂਬਰਾਂ ਦੀ ਮਨਜ਼ੂਰੀ ਤੋਂ ਬਾਅਦ ਹੋਇਆ। ਗੁਰਪਿੰਦਰ ਦਾ ਭਰਾ ਪਰਮਿੰਦਰ ਸਿੰਘ ਵੀ ਇਸੇ ਕੇਸ ਦੇ ਵਿੱਚ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹੈ ਅਤੇ ਉਸ ਦੀ ਰਿਹਾਈ ਦੇ ਵੀ ਪਰਿਵਾਰ ਨੇ ਸਸਕਾਰ ਲਈ ਅਪੀਲ ਕੀਤੀ ਸੀ।

ਦੂਜੇ ਪਾਸੇ ਗੁਰਪਿੰਦਰ ਦੇ ਰਿਸ਼ਤੇਦਾਰਾਂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਈ ਤਰ੍ਹਾਂ ਦੇ ਖ਼ਦਸ਼ੇ ਜ਼ਾਹਰ ਕੀਤੇ ਅਤੇ ਇਸ਼ਾਰਿਆਂ ਇਸ਼ਾਰਿਆਂ ਵਿਚ ਇਸ ਨੂੰ ਇੱਕ ਕਤਲ ਦਾ ਨਾਂਅ ਦਿੱਤਾ ਅਤੇ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਾਂਚ ਦਾ ਭਰੋਸਾ ਦਿਵਾਇਆ ਹੈ ਪਰ ਫਿਰ ਵੀ ਕਿਸੇ ਇਮਾਨਦਾਰ ਅਧਿਕਾਰੀ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।

ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰਪਿੰਦਰ ਨੂੰ ਸ਼ੂਗਰ ਦੀ ਸਮੱਸਿਆ ਜ਼ਰੂਰ ਸੀ ਅਤੇ ਅਤੇ ਇਸ ਦੇ ਲਈ ਉਸ ਨੂੰ ਜ਼ਰੂਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਸਨ ਅਤੇ ਹਸਪਤਾਲ ਵੀ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਗੁਰਪਿੰਦਰ ਨੂੰ ਦੋ ਵਾਰ ਰਿਮਾਂਡ 'ਤੇ ਵੀ ਲਿਆ ਸੀ ਅਤੇ ਬੀਤੇ ਦਿਨੀਂ ਅਚਾਨਕ ਉਸਦੀ ਤਬੀਅਤ ਖਰਾਬ ਹੋਣ ਕਰਕੇ ਉਸਨੂੰ ਹਸਪਤਾਲ ਰੈਫ਼ਰ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਗੁਰਪਿੰਦਰ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਸੀ।