ਰਮਨਦੀਪ ਕੌਰ ਦੀ ਪੇਸ਼ਕਸ਼


ਪੰਜਾਬੀ ਸ਼ੁਰੂ ਤੋਂ ਹੀ ਸੱਜਣ ਫੱਬਣ ਤੇ ਟੌਹਰ ਕੱਢਣ ਦੇ ਸ਼ੌਕੀਨ ਰਹੇ ਹਨ। ਸੋਹਣਾ ਦਿੱਸਣ ‘ਚ ਹਾਰ-ਸ਼ਿੰਗਾਰ ਵੱਡਮੁੱਲਾ ਯੋਗਦਾਨ ਪਾਉਂਦਾ ਹੈ। ਸੋਹਣਾ ਲੱਗਣ ਤੇ ਸੱਜਣ-ਫੱਬਣ ਲਈ ਅਨੇਕਾਂ ਕਿਸਮ ਦੇ ਗਹਿਣੇ ਘੜੇ ਗਏ ਹਨ। ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੈਰਾਂ ਚ ਪਾਏ ਜਾਣ ਵਾਲੇ ਗਹਿਣਿਆਂ ਤੋਂ ਲੈ ਕੇ ਸਿਰ ਦੇ ਗਹਿਣਿਆਂ ਤੱਕ ਦਾ ਜ਼ਿਕਰ ਆਉਂਦਾ ਹੈ।


ਗਹਿਣੇ, ਲੋਕ ਜੀਵਨ ਵਿੱਚ ਵੰਨ-ਸੁਵੰਨੇ ਰੰਗ ਭਰਨ, ਹਾਰ-ਸ਼ਿੰਗਾਰ ਕਰਨ ਦਾ ਵਸੀਲਾ ਬਣਦੇ ਹਨ। ਪੁਰਾਤਨ ਪੰਜਾਬ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਲਗਪਗ ਹਰੇਕ ਅੰਗ ’ਤੇ ਗਹਿਣੇ ਪਹਿਨਦੀਆਂ ਸਨ। ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ।



ਪੰਜਾਬੀ ਸੱਭਿਆਚਾਰ 'ਚ ਗਹਿਣਿਆਂ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਇਸ ਗੱਲ ਦਾ ਪ੍ਰਮਾਣ ਪੰਜਾਬੀ ਲੋਕ-ਗੀਤ ਤੇ ਲੋਕ ਬੋਲੀਆਂ ਤੋਂ ਮਿਲਦਾ ਹੈ ਕਿਉਂਕਿ ਪੰਜਾਬੀ ਲੋਕ ਗੀਤਾਂ ਤੇ ਲੋਕ ਬੋਲੀਆਂ 'ਚ ਗਹਿਣਿਆਂ ਦਾ ਉਚੇਚਾ ਜ਼ਿਕਰ ਆਉਂਦਾ ਹੈ। ਮਰਜਾਂ ਨਾਲੋਂ ਔਰਤਾਂ ਖਾਸ ਤੌਰ 'ਤੇ ਗਹਿਣਿਆਂ ਦੀਆਂ ਸ਼ੌਕੀਨ ਹੁੰਦੀਆਂ ਹਨ।


ਔਰਤਾਂ ਦੇ ਗਹਿਣਿਆਂ 'ਚ ਰਾਣੀ ਹਾਰ ਦੀ ਸਰਦਾਰੀ ਹੁੰਦੀ ਹੈ। ਇੱਥੇ ਸਭ ਤੋਂ ਪਹਿਲਾਂ ਜ਼ਿਕਰ ਗਲ 'ਚ ਪਾਉਣ ਵਾਲੇ ਗਹਿਣਿਆਂ ਦਾ ਕਰਦੇ ਹਾਂ।



ਗਲ ਦੇ ਗਹਿਣੇ: ਰਾਣੀ ਹਾਰ, ਜੁਗਨੀ, ਸਿੰਘ ਤਵੀਤੜੀਆਂ, ਬੁਗਤੀਆਂ, ਕੈਠੀਂ, ਹਸ, ਮਟਰਮਾਲਾ
ਤੱਗਾ, ਹਮੇਲ (ਡੋਰੀ ਵਿਚ ਪੌਡ ਪਰੋਏ ਹੋਣ ਤਾਂ ਤੱਗਾ ਹੁੰਦਾ ਹੈ ਜਦਕਿ ਇਸ ਦੀ ਥਾਂ ਰੁਪਏ ਹੋਣਾ ਹਮੇਲ ਹੈ)।



ਇਨ੍ਹਾਂ ਗਹਿਣਿਆਂ 'ਚ ਰਾਣੀ ਹਾਰ ਦੀ ਸਰਦਾਰੀ ਮੰਨੀ ਜਾਂਦੀ ਹੈ। ਇਸ ਨੂੰ ਨੌਂ ਲੱਖਾ ਹਾਰ ਵੀ ਕਿਹਾ ਜਾਂਦਾ ਹੈ। ਇਹ ਡੋਰੀ ਵਾਲਾ ਨਹੀਂ ਬਲਕਿ ਸੋਨੇ ਦੀ ਕੁੰਡੇ ਵਾਲੀ ਚੇਨ ਵਾਲਾ ਹੁੰਦਾ ਜੋ ਸੋਨੇ ਦੀ ਸਾਦੀ ਜ਼ੰਜੀਰ ਵਾਂਗੂੰ ਬੰਦ ਹੁੰਦਾ। ਗਲੇ ਦੇ ਕੋਲੋਂ ਸੋਨੇ ਦੀ ਟੁਕੜੀ ਵਿੱਚੋਂ ਸੱਤ ਜਾਂ ਨੌਂ ਸੋਨੇ ਦੀਆਂ ਲੜੀਆਂ ਜੁੜੀਆਂ ਹੁੰਦੀਆਂ। ਦੋਵੇਂ ਪਾਸੇ ਬਰਾਬਰ ਦੂਰੀ ’ਤੇ ਫਿਰ ਸੋਨੇ ਦੀ ਚੌਰਸ ਜਾਂ ਆਇਤ ਆਕਾਰ ਟੁਕੜੀ ਨਾਲ ਇਹ ਜ਼ੰਜੀਰਾਂ ਆ ਜੁੜਦੀਆਂ ਅਤੇ ਉਸ ਦੇ ਥੱਲਿਓਂ ਭਾਵ ਦੂਜੇ ਸਿਰਿਓਂ ਫਿਰ ਸੋਨੇ ਦੀਆਂ ਜ਼ੰਜੀਰਾਂ ਜੁੜੀਆਂ ਹੁੰਦੀਆਂ। ਇਹ ਜ਼ੰਜੀਰਾਂ ਡੇਢ-ਦੋ ਇੰਚ ਦੇ ਕਰੀਬ ਲੰਮੀਆਂ ਹੁੰਦੀਆਂ। ਉਸ ਤੋਂ ਬਾਅਦ ਫਿਰ ਸੋਨੇ ਦੀ ਟੁਕੜੀ ਹੁੰਦੀ ਜਿਸ ਨੂੰ ਥੋੜ੍ਹੀ ਗੁਲਾਈ ਦਿੱਤੀ ਹੁੰਦੀ। ਗੋਲਾਈ ਵਾਲੀ ਟੁਕੜੀ ਨਾਲ ਵੀ ਜ਼ੰਜੀਰਾਂ ਹੁੰਦੀਆਂ ਜੋ ਹਾਰ ਦੇ ਵਿਚਕਾਰ ਢਲਵੀਂ ਜਿਹੀ ਸੋਨੇ ਦੀ ਪੱਟੀ ਨਾਲ ਜੁੜ ਜਾਂਦੀਆਂ। ਉਸ ਪੱਟੀ ਨੂੰ ਵੀ ਜ਼ਰਾ ਕੁ ਗੁਲਾਈ ਦਿੱਤੀ ਹੁੰਦੀ। ਇਸ ਪੱਟੀ ’ਤੇ ਖ਼ੂਬਸੂਰਤ ਚਿਤਾਈ ਹੁੰਦੀ ਅਤੇ ਇਸ ਨੂੰ ਮੋਤੀਆਂ ਦੀਆਂ ਛੋਟੀਆਂ ਛੋਟੀਆਂ ਲੜੀਆਂ ਲੱਗੀਆਂ ਹੁੰਦੀਆਂ ਜਾਂ ਨਗ-ਮੋਤੀ ਜੜੇ ਹੁੰਦੇ। ਹਾਰ ਦੀਆਂ ਜ਼ੰਜੀਰਾਂ ਵਿੱਚ ਵੀ ਕੋਈ ਮੋਤੀ ਪੁਆ ਲੈਂਦਾ।



ਅਸਲੀ ਰਾਣੀ ਹਾਰ ਜਾਂ ਨੌਂ ਲੱਖਾ ਹਾਰ ਘੱਟ ਤੋਂ ਘੱਟ ਦਸ-ਪੰਦਰਾਂ ਤੋਲੇ ਦਾ ਹੁੰਦਾ। ਪਰ ਸੱਤ ਜਾਂ ਨੌਂ ਜ਼ੰਜੀਰਾਂ ਦੀ ਥਾਂ ਤਿੰਨ ਜ਼ੰਜੀਰਾਂ ਤੇ ਘੱਟ ਲੰਬਾਈ ਰੱਖ ਕੇ ਘੱਟ ਚੌਰਸ ਟੁਕੜੀਆਂ ਬਣਾ ਕੇ ਵੀ ਕਈ ਲੋਕ ਰਾਣੀ ਹਾਰ ਬਣਵਾ ਲੈਂਦੇ ਹਨ। ਇਸ ਨੂੰ ਖਾਨਦਾਨੀ ਗਹਿਣਾ ਕਿਹਾ ਜਾਂਦਾ ਹੈ। ਲੋਕ ਗੀਤਾਂ ਤੇ ਬੋਲੀਆਂ 'ਚ ਰਾਣੀ ਹਾਰ ਦਾ ਜ਼ਿਕਰ ਕੁਝ ਇਸ ਤਰ੍ਹਾਂ ਆਇਆ ਹੈ।


‘‘ਕੀ ਕੁਛ ਲਿਆਇਆ ਵੀਰਾ ਵੇ, ਸੱਸ ਜੁ ਮੇਰੀ ਨੂੰ?
ਕੀ ਕੁਛ ਲਿਆਇਆ ਵੀਰਾ ਵੇ, ਨਣਦੀ ਮੋਰ ਨੂੰ?
ਘੱਗਰੀ ਲਿਆਇਆ ਸੱਸ ਜੁ ਤੇਰੀ ਨੂੰ
ਨੌਂ ਲੱਖਾ ਹਾਰ ਕੁੜੀਏ ਨੀਂ ਨਣਦੀ ਮੋਰ ਨੂੰ…’’


ਰਾਣੀ ਹਾਰ ਤੋਂ ਇਲਾਵਾ ਵੀ ਗਲ ਦੇ ਗਹਿਣਿਆਂ ਦਾ ਜ਼ਿਕਰ ਬੋਲੀਆਂ 'ਚ ਕੁਝ ਇਸ ਤਰ੍ਹਾਂ ਆਉਂਦਾ ਹੈ:


'ਕੱਦ ਸਰ੍ਹੋਂ ਦੇ ਬੂਟੇ ਵਰਗਾ, ਤੁਰਦਾ ਨੀਵੀਆਂ ਪਾਕੇ
ਬੜਾ ਮੋੜਿਆ ਨਾ ਮੁੜਿਆ, ਮੈਂ ਵੇਖ ਲਿਆ ਸਮਝਾ ਕੇ
ਸਈਓ ਨੀ ਮੁੰਡਾ ਰੱਖਣਾ ਪਿਆ, ਮੈਨੂੰ ਗਲ ਦਾ ਹਾਰ ਬਣਾ ਕੇ'



ਔਰਤਾਂ ਦੇ ਗਲ ਦੇ ਗਹਿਣਿਆਂ ਤੋਂ ਇਲਾਵਾ ਨੱਕ 'ਚ ਪਾਉਣ ਵਾਲੇ ਵੀ ਖਾਸ ਗਹਿਣੇ ਹੁੰਦੇ ਹਨ:


ਕੋਕਾ ਜਾਂ ਲੌਂਗ, ਤੀਲੀ, ਮੇਖ, ਮਛਲੀ, ਨੱਥ


ਬੇਸ਼ੱਕ ਸਮੇਂ ਦੇ ਨਾਲ ਵਖਰੇਵਾਂ ਆ ਰਿਹਾ ਹੈ ਤੇ ਅਜੋਕੇ ਦੌਰ ਦੀਆਂ ਕੁੜੀਆਂ ਨੱਕ ਵਿਨ੍ਹਾਉਣ ਦਾ ਓਨਾ ਸ਼ੌਕ ਨਹੀਂ ਰੱਖਦੀਆਂ ਜਿੰਨ੍ਹਾਂ ਕਿ ਪਹਿਲੇ ਸਮਿਆਂ 'ਚ ਹੁੰਦਾ ਸੀ। ਨੱਕ ਦੇ ਗਹਿਣੇ ਵੀ ਬੋਲੀਆਂ ਦਾ ਸ਼ਿੰਗਾਰ ਬਣਦੇ ਹਨ:


'ਸੁਣ ਨੀ ਕੁੜੀਏ ਮਛਲੀ ਵਾਲੀਏ, ਮਛਲੀ ਨਾ ਲਿਸ਼ਕਾਈਏ
ਜਿੱਥੇ ਬੈਠੇ ਚਾਚੇ ਤਾਏ ਨੀਵੀਂ ਪਾ ਲੰਘ ਜਾਈਏ
ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ'


ਜਾਂ


'ਗਲਗਲ ਵਰਗੀ ਨਾਰ ਸੁਣੀਂਦੀ ਝਾਂਜਰ ਨੂੰ ਛਣਕਾਵੇ
ਧਰਤੀ ਨੱਚੇ, ਅੰਬਰ ਨੱਚੇ ਨੈਣ ਜਦੋਂ ਮਟਕਾਵੇ
ਬਈ ਲੰਮਾ ਲੰਮਾ ਲਹਿਰਾ ਲੈਕੇ ਪਤਲਾ ਲੱਕ ਹਿਲਾਵੇ
ਨੱਚਦੀ ਮੇਲਣ ਦਾ ਲੌਂਗ ਬੋਲੀਆਂ ਪਾਵੇ'


ਤੀਲੀ: ਮੁਟਿਆਰਾਂ ਨੱਕ ਵਿੱਚ ਤੀਲੀ ਬਹੁਤ ਹੀ ਚਾਅ ਨਾਲ ਪਹਿਨਦੀਆਂ ਸਨ। ਤੀਲੀ ਅਸਲ ਵਿੱਚ ਇੱਕ ਬਾਰੀਕ ਮੇਖ-ਨੁਮਾ ਗਹਿਣਾ ਹੁੰਦਾ ਸੀ, ਜਿਸ 'ਤੇ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ।


ਇਸ ਬਾਬਤ ਮਸ਼ਹੂਰ ਬੋਲੀ ਹੈ:


'ਤੀਲੀ ਲੌਂਗ ਦਾ ਮੁਕੱਦਮਾ ਭਾਰੀ, ਥਾਣੇਦਾਰਾ ਸੋਚ ਕੇ ਕਰੀ'


ਲੌਂਗ: ਇਹ ਪੰਜਾਬਣਾ ਦਾ ਮਸ਼ਹੂਰ ਗਹਿਣਾ ਰਿਹਾ ਹੈ। ਇਸ ਬਾਬਤ ਗੀਤ ਵੀ ਮਸ਼ਹੂਰ ਹੋਇਆ.....



'ਚੀਰੇ ਵਾਲਿਆ ਵੇਖਦਾ ਆਈਂ ਵੇ, ਮੇਰਾ ਲੌਂਗ ਗਵਾਚਾ'


ਨੱਥ: ਆਪਣੇ ਸਮੇਂ ਦੇ ਇਸ ਮਸ਼ਹੂਰ ਗਹਿਣੇ ਦੀ ਅੱਜ ਵੀ ਸਰਦਾਰੀ ਹੈ। ਕੁੜੀਆਂ ਆਪਣੇ ਵਿਆਹ ਵੇਲੇ ਬਹੁਤ ਹੀ ਚਾਅ ਨਾਲ ਨੱਥ ਪਹਿਣਦੀਆਂ ਹਨ।



'ਇੱਥੇ ਮੇਰੀ ਨੱਥ ਡਿੱਗ ਪਈ, ਨਿਉਂ ਕੇ ਚੁੱਕੀ ਜਵਾਨਾਂ'


ਮੱਛਲੀ: ਨੱਕ ਦੀਆਂ ਦੋਵਾਂ ਨਾਸਾਂ ਦੇ ਵਿਚਾਲੇ ਦੀ ਹੱਡੀ ਦੇ ਪਹਿਨੀ ਜਾਂਦੀ ਸੀ।


ਕੰਨ੍ਹ ਦੇ ਗਹਿਣੇ: ਕਾਂਟੇ, ਬੁੰਦੇ, ਪਿੱਪਲ ਪੱਤੀਆਂ, ਲੋਟਣ, ਸੋਨ ਚਿੜੀਆਂ, ਤੁੰਗਲ, ਮੁਰਕੀਆਂ, ਝਾਲੇ, ਕੋਕਰੂ, ਡੰਡੀ ਝੁਮਕੀ


ਹਰ ਇਲਾਕੇ ਦੇ ਹਿਸਾਬ ਨਾਲ ਕਈ ਵਾਰ ਗਹਿਣਿਆਂ ਦੇ ਨਾਵਾਂ ਚ ਥੋੜਾ ਬਹੁਤ ਫਰਕ ਸੁਭਾਵਿਕ ਹੈ। ਇਸੇ ਤਰ੍ਹਾਂ ਗਹਿਣੇ ਇਲਾਕੇ ਦੇ ਹਿਸਾਬ ਨਾਲ ਪ੍ਰਚੱਲਤ ਵੀ ਹੁੰਦੇ ਹਨ ਜਿਵੇਂ ਕਿ ਮਾਝੇ ਵੱਲ ਜੁਗਨੀ ਦਾ ਇਕ ਵੇਲੇ ਬਹੁਤ ਰਿਵਾਜ਼ ਆਇਆ ਸੀ।


ਤੁੰਗਲ: ਗੋਲ ਚੁੜੀਆਂ ਵਾਂਗ ਪਲੇਨ ਹੁੰਦੇ ਹਨ।


ਪਿੱਪਲ ਪੱਤੀਆਂ: ਇਹ ਔਰਤਾਂ ਦਾ ਮਨਪਸੰਦ ਗਹਿਣਿਆਂ ਚੋਂ ਇਕ ਹੈ। ਗੋਲ ਡੰਡੀਆਂ ਤੇ ਹੇਠਾਂ ਪਿੱਪਲ ਦੇ ਪੱਤਿਆਂ ਵਰਗੀਆਂ ਪੱਤੀਆਂ ਲਮਕਾਈਆਂ ਹੁੰਦੀਆਂ ਹਨ ਇਸ ਲਈ ਇਨ੍ਹਾਂ ਨੂੰ ਪਿੱਪਲ ਪੱਤੀਆਂ ਕਿਹਾ ਜਾਂਦਾ ਹੈ। ਅੱਜ ਵੀ ਅੱਦਖੜ ਉਮਰ ਦੀਆਂ ਔਰਤਾਂ ਪਿੰਡਾਂ ਚ ਪਿੱਪਲ ਪੱਤੀਆਂ ਪਹਿਣਦੀਆਂ ਹਨ।



'ਕੱਠੀਆ ਹੋ ਕੇ ਆਈਆਂ ਗਿਧੇ ਵਿਚ , ਆਈਆਂ ਪਟੋਲਾ ਬਣਕੇ ,
ਬਈ ਕੰਨਾਂ ਦੇ ਵਿਚ ਪਿੱਪਲ ਪੱਤੀਆਂ ,ਗਲ ਵਿਚ ਗਾਨੀ ਚਮਕੇ ,
ਘੱਗਰੇ ਵੀਹ ਗਜ ਦੇ ਵੇਖ ਸ਼ੁਕੀਨਾ ਖੜਕੇ'


ਕੋਕਰੂ: ਕੋਕਰੂ ਕੰਨ ਦੀ ਗਲੀ ਦੇ ਬਾਹਰਲੇ ਵਧਵੇਂ ਭਾਗ ਵਿੱਚ ਪਹਿਨੇ ਜਾਂਦੇ ਸਨ।


ਗਹਿਣਿਆਂ ਦੀ ਪੰਜਾਬੀ ਸਮਾਜ ਵਿਚ ਪੂਰੀ ਸਰਦਾਰੀ ਸੀ। ਅੱਜ ਵੀ ਕਿਸੇ ਘਰ ਦੇ ਰਿਜਕ ਜਾਂ ਅਮੀਰੀ ਦਾ ਅੰਦਾਜ਼ਾ ਗਹਿਣਿਆਂ ਤੋਂ ਲਾਇਆ ਜਾਂਦਾ ਹੈ। ਪੰਜਾਬੀ ਦੇ ਕਈ ਅਖਾਣਾਂ ਵਿੱਚ ਵੀ ਗਹਿਣਿਆਂ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ


‘ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ’


‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’


‘ਸਾਵਣ ਗਿਆ ਸੁੱਕਾ ਤੇ ਭਾਦੋਂ ਕੀਤੀ ਦਇਆ, ਸੋਨੇ ਦਾ ਘੜਾਉਂਦੀ ਸੀ ਰੁਪੇ ਦਾ ਵੀ ਗਿਆ’