ਮੋਗਾ/ਚੰਡੀਗੜ੍ਹ: ਮੋਗਾ ਦੇ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ ਮਸ਼ਹੂਰ ਕਲਾਕਾਰ ਮਨਜੀਤ ਸਿੰਘ ਗਿੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਟੈਰਾਕੋਟ ਮੂਰਤੀ ਬਣਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਕਲਾਕਾਰ ਨੇ ਆਪਣੇ ਪਿੰਡ ਦੀ ਜ਼ਮੀਨ 'ਤੇ ਬਣਾਏ ਦੇਸ਼ ਭਗਤ ਪਾਰਕ 'ਚ ਇਹ ਮੂਰਤੀ ਰੱਖੀ ਹੈ। ਇਸ ਤੋਂ ਇਲਾਵਾ, ਪਾਰਕ ਵਿੱਚ ਲਾਲ ਬਹਾਦਰ ਸ਼ਾਸਤਰੀ, ਸ਼ਹੀਦ ਭਗਤ ਸਿੰਘ, ਬਾਬਾ ਬੁੱਲੇ ਸ਼ਾਹ ਅਤੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਸਮੇਤ ਬਹੁਤ ਸਾਰੀਆਂ ਭਾਰਤੀ ਅਤੇ ਪਾਕਿਸਤਾਨੀ ਸ਼ਖਸੀਅਤਾਂ ਦੀਆਂ ਮੂਰਤੀਆਂ ਪ੍ਰਦਰਸ਼ਿਤ ਹਨ।
ਮਨਜੀਤ ਦਾ ਕਹਿਣਾ ਹੈ ਕਿ ਉਹ ਗਾਇਕੀ ਨੂੰ ਪਿਆਰ ਕਰਦਾ ਸੀ ਕਿਉਂਕਿ ਉਸ ਨੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਅਤੇ ਵੱਡੇ ਸ਼ਹਿਰਾਂ ਜਾਂ ਵਿਦੇਸ਼ਾਂ ਦੀ ਬਜਾਏ ਆਪਣੇ ਪਿੰਡ ਵਿੱਚ ਰਹਿਣ ਨੂੰ ਤਰਜੀਹ ਦਿੱਤੀ। ਉਹ ਹੁਣ ਮੂਸੇਵਾਲਾ ਦੀ 12 ਫੁੱਟ ਉੱਚੀ ਫਾਈਬਰ-ਗਲਾਸ ਦੀ ਮੂਰਤੀ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨੂੰ ਉਹ ਸਥਾਪਿਤ ਕਰਨ ਲਈ ਮੂਸੇ ਪਿੰਡ ਨੂੰ ਦਾਨ ਕਰੇਗਾ।
ਮੂਸੇਵਾਲਾ ਦਾ ਬੀਤੇ ਐਤਵਾਰ ਮਾਨਸਾ ਦਾ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਮੂਸੇਵਾਲਾ ਬਿਨ੍ਹਾਂ ਸੁਰੱਖਿਆ ਆਪਣੀ ਥਾਰ ਗੱਡੀ 'ਚ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਗੱਡੀ ਰੋਕ ਕੇ ਉਸ 'ਤੇ ਅੰਨੇਵਾਹ ਫਾਈਰਿੰਗ ਕਰ ਦਿੱਤੀ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ। ਦਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ 'ਤੇ ਹਨ ਜਿਸ ਦੌਰਾਨ ਮੂਸੇਵਾਲਾ ਦੇ ਮਾਤਾ-ਪਿਤਾ ਚੰਡੀਗੜ੍ਹ 'ਚ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਹਨ। ਜਿੱਥੇ ਉਹਨਾਂ ਵੱਲੋਂ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਜਾਵੇਗੀ।
ਦਸ ਦਈਏ ਕਿ ਕੁਝ ਦਿਨ ਪਹਿਲਾਂ ਜਦੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਹਮਦਰਦੀ ਪ੍ਰਗਟ ਕਰਨ ਲਈ ਗਏ ਸਨ ਤਾਂ ਭਾਜਪਾ ਦੇ ਪੰਜਾਬ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਪਰਿਵਾਰ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ।