ਬਟਾਲਾ: ਬੀਤੇ ਕੱਲ੍ਹ ਸ਼੍ਰੀਨਗਰ 'ਚ ਸ਼ਹੀਦ ਹੋਏ ਲਵਪ੍ਰੀਤ ਨੂੰ ਅੱਜ ਨਮ ਅੱਖਾਂ ਨਾਲ ਵਿਦਾ ਕੀਤਾ ਗਿਆ।ਗੁਰਦਾਸਪੁਰ ਦੇ ਪਿੰਡ ਮਾੜੀ ਟਾਂਡਾ ਦੇ 23 ਸਾਲਾ ਲਵਪ੍ਰੀਤ ਦਾ ਬੀਤੇ ਦਿਨ ਪੁੰਛ ਸੈਕਟਰ ਵਿੱਚ ਪੈਟਰੋਲਿੰਗ ਦੌਰਾਨ ਪਹਾੜੀ ਤੋਂ ਪੈਰ ਫਿਸਲ ਗਿਆ ਸੀ। ਜਿਸ ਮਗਰੋਂ ਸਿਰ 'ਚ ਸੱਟ ਲਗਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ।


ਲਵਪ੍ਰੀਤ ਸਿੰਘ 16 ਰਾਸ਼ਟਰੀਏ ਰਾਇਫ਼ਲਸ 'ਚ ਤਾਇਨਾਤ ਸੀ।ਅੱਜ ਪੂਰੇ ਸਰਕਾਰੀ ਸਨਮਾਨ ਨਾਲ ਸ਼ਹੀਦ ਲਵਪ੍ਰੀਤ ਸਿੰਘ ਦਾ ਉਸਦੇ ਜੱਦੀ ਪਿੰਡ 'ਚ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਪਿੰਡ ਪਹੁੰਚੀ ਤਾਂ ਪਿੰਡ ਦੇ ਲੋਕਾਂ ਨੇ ਲਵਪ੍ਰੀਤ ਅਮਰ ਰਹੇ ਦੇ ਨਾਅਰੇ ਮਾਰੇ।


ਇਸ ਮੌਕੇ ਸ਼ਹੀਦ ਲਵਪ੍ਰੀਤ ਸਿੰਘ ਨੂੰ ਪਿਤਾ ਅਤੇ ਭਰਾ ਨੇ ਅਗਨੀ ਦਿਤੀ। ਸ਼ਹੀਦ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ "ਮੈਂ ਖੁਦ ਸਾਬਕਾ ਫੌਜੀ ਹਾਂ ਮੈਨੂੰ ਮਾਣ ਹੈ ਆਪਣੇ ਪੁੱਤ ਉਪਰ, ਮੇਰੇ ਪੁੱਤ ਨੇ ਦੇਸ਼ ਤੋਂ ਜਾਣ ਵਾਰੀ ਹੈ।ਮੇਰੇ ਬੇਟੇ ਦੀ ਮੰਗਣੀ ਹੋ ਗਈ ਸੀ ਅਤੇ 1 ਦਸੰਬਰ ਨੂੰ ਉਸਦਾ ਵਿਆਹ ਸੀ। ਦੋ ਦਿਨ ਪਹਿਲਾਂ ਹੀ, ਮੇਰੀ ਉਸ ਦੇ ਨਾਲ ਗੱਲ ਹੋਈ ਸੀ ਅਤੇ ਉਸਨੇ ਸਭ ਠੀਕ ਦਸਿਆ ਸੀ।"


ਸ਼ਹੀਦ ਦੇ ਭਰਾ ਮਨਪ੍ਰੀਤ ਸਿੰਘ ਨੇ ਕਿਹਾ ਕਿ "ਅਸੀਂ ਦੋਨੋਂ ਵੀਰਾਂ ਨੇ ਇਕੱਠੇ ਟ੍ਰੇਨਿੰਗ ਕੀਤੀ ਅਤੇ ਨੌਕਰੀ ਦੀ ਸ਼ੁਰੂਆਤ 'ਚ ਇਕੱਠੇ ਡਿਊਟੀ ਕੀਤੀ ਸੀ, ਮੈਨੂੰ ਮਾਣ ਹੈ ਆਪਣੇ ਭਰਾ ਉੱਤੇ।" ਸ਼ਹੀਦ ਲਵਪ੍ਰੀਤ ਸਿੰਘ ਦੀ ਚਚੇਰੀ ਭੈਣ ਨੇ ਕਿਹਾ ਕਿ "ਮੇਰਾ ਵੀਰ ਮੈਨੂੰ ਬਹੁਤ ਪਿਆਰ ਕਰਦਾ ਸੀ, ਮੈਂ ਅੱਜ ਉਸਨੂੰ ਰੱਖੜੀ ਬਣਕੇ ਤੋਰਿਆ ਹੈ, ਕਿਉਂਕਿ ਇਕ ਭੈਣ ਲਈ ਭਰਾ ਬਹੁਤ ਅਹਿਮ ਹੁੰਦਾ ਹੈ।"


ਇਲਾਕੇ ਦੇ ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ "ਸਾਨੂੰ ਮਾਣ ਹੈ, ਕਿ ਲਵਪ੍ਰੀਤ ਸਾਡੇ ਇਲਾਕੇ ਦਾ ਸੀ ਅਤੇ ਉਸਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਪੰਜਾਬ ਸਰਕਾਰ ਵਲੋਂ 50 ਲੱਖ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ।"


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ