ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਮਾਮਲੇ ਵਿੱਚ ਇੱਥੋਂ ਅਦਾਲਤ ਵਿੱਚ ਸੁਣਵਾਈ ਕੀਤੀ ਗਈ, ਪਰ ਹੁਣ ਇਹ ਮਾਮਲਾ ਸੈਸ਼ਨ ਕੋਰਟ ਵਿੱਚ ਵਿਚਾਰਿਆ ਜਾਵੇਗਾ। ਅੱਜ ਗੋਲ਼ੀਕਾਂਡ ਦੇ ਮੁਲਜ਼ਮ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਪਰਮਜੀਤ ਸਿੰਘ ਪੰਨੂੰ, ਬਲਜੀਤ ਸਿੰਘ ਸਿੱਧੂ,ਗੁਰਦੀਪ ਸਿੰਘ ਪੰਧੇਰ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਦਾਲਤ ਵਿੱਚ ਪੇਸ਼ ਹੋਏ ਪਰ ਚਰਨਜੀਤ ਸ਼ਰਮਾ ਬਿਮਾਰੀ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋਏ।

ਗੋਲ਼ੀਕਾਂਡ ਮਾਮਲੇ ਵਿੱਚ ਅਦਾਲਤ ਨੇ SIT ਅਤੇ ਬਚਾਅ ਪੱਖ ਦੋਹਾਂ ਨੂੰ ਝਟਕਾ ਦਿੱਤਾ। ਅਦਾਲਤ ਨੇ ਆਈਜੀ ਉਮਰਾਨੰਗਲ ਵੱਲੋਂ ਦਾਇਰ ਕੀਤੀ ਕੇਸ ਡਾਇਰੀ ਦੇਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਨਾਲ ਹੀ SIT ਵੱਲੋਂ ਗੁਰਦੀਪ ਸਿੰਘ ਪੰਧੇਰ ਕੋਲ ਜਾਂਚ ਨਾਲ ਜੁੜੇ ਸਬੂਤ ਹੋਣ ਸਬੰਧੀ ਲਾਈ ਅਰਜ਼ੀ ਵੀ ਅਦਾਲਤ ਨੇ ਰੱਦ ਕਰ ਦਿੱਤੀ ਹੈ।

ਪੰਧੇਰ ਨੇ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਸੀ, ਜਿਸ ਵਿੱਚ ਜਾਂਚ ਨਾਲ ਜੁੜੇ ਸਬੂਤ ਤੇ ਦਸਤਾਵੇਜ਼ ਆਦਿ ਸ਼ਾਮਲ ਸਨ। ਉਸ ਦੀ ਮੰਗ ਹੈ ਕਿ ਉਸ ਖ਼ਿਲਾਫ਼ ਦਰਜ ਕੇਸ ਰੱਦ ਕੀਤਾ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਸ਼ੈਸ਼ਨ ਕੋਰਟ ਫ਼ਰੀਦਕੋਟ ਵਿੱਚ ਹੋਵੇਗੀ।