ਫਰੀਦਕੋਟ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਕਰੀਬ ਹਫ਼ਤੇ ਤੋਂ ਫਰੀਦਕੋਟ ਦੇ ਐਸਐਸਪੀ ਦਫ਼ਤਰ ਬਾਹਰ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦਾ ਇਨਸਾਫ ਤੇ ਮ੍ਰਿਤਕ ਦੀ ਲਾਸ਼ ਦੀ ਬਰਾਮਦਗੀ ਲਈ ਧਰਨੇ 'ਤੇ ਬੈਠੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਜਸਪਾਲ ਕਤਲ ਕਾਂਡ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ 'ਤੇ ਵੀ ਧਾਰਾ 302 ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
ਇਸ ਮਾਮਲੇ ਵਿੱਚ ਵੱਖ-ਵੱਖ ਸਿਆਸੀ ਲੀਡਰ ਲਗਾਤਾਰ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਸੀ। ਅੱਜ 'ਆਪ' ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਤੇ ਸਾਬਕਾ ਐਮਪੀ ਪ੍ਰੋ. ਸਾਧੂ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਅਮਨ ਅਰੋੜਾ ਨੇ ਕਿਹਾ ਕਿ ਪੀੜਤ ਪਰਿਵਾਰ ਇਨਸਾਫ ਲਈ ਪਿਛਲੇ ਹਫਤੇ ਤੋਂ ਧਰਨੇ 'ਤੇ ਬੈਠਾ ਹੈ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਇਸ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕਦੀ ਤਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਪ ਦੇਣੀ ਚਾਹੀਦੀ ਹੈ।
ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਤੇ ਡੀਐਸਪੀ ਫਰੀਦਕੋਟ ਜਸਤਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਨੇ ਹੁਣ ਤਕ 2 ਪੁਲਿਸ ਮੁਲਾਜ਼ਮਾਂ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਮੁੱਖ ਦੋਸ਼ੀ ਦੀ ਪਤਨੀ ਪਰਵਿੰਦਰ ਕੌਰ ਵੀ ਸ਼ਾਮਲ ਹੈ। ਮੁੱਖ ਦੋਸ਼ੀ ਦੀ ਲਾਸਟ ਲੋਕੇਸ਼ਨ ਨਾਂਦੇੜ ਸਾਹਿਬ ਦੀ ਆਈ ਸੀ, ਇਸ ਲਈ ਉੱਥੇ ਵੀ ਪੁਲਿਸ ਪਾਰਟੀ ਪਹੁੰਚ ਚੁੱਕੀ ਹੇ। ਛੇ ਪੁਲਿਸ ਪਾਰਟੀਆਂ ਮ੍ਰਿਤਕ ਦੀ ਲਾਸ਼ ਨੂੰ ਲੱਭਣ ਲਈ ਰਾਜਸਥਾਨ ਤਕ ਗਈਆਂ ਹੋਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਮ੍ਰਿਤਕ ਦੀ ਲਾਸ਼ ਲੱਭ ਕੇ ਵਾਰਸਾਂ ਹਵਾਲੇ ਕੀਤੀ ਜਾਵੇਗੀ।
ਹਿਰਾਸਤ 'ਚ ਨੌਜਵਾਨ ਦੀ ਮੌਤ ਖ਼ਿਲਾਫ਼ ਧਰਨੇ 'ਚ ਡਟੇ 'ਆਪ' ਲੀਡਰ, ਪੁਲਿਸ ਖਿਲਾਫ ਕੇਸ ਕਰਨ ਦੀ ਮੰਗ
ਏਬੀਪੀ ਸਾਂਝਾ
Updated at:
27 May 2019 07:17 PM (IST)
ਅਮਨ ਅਰੋੜਾ ਨੇ ਜਸਪਾਲ ਕਤਲ ਕਾਂਡ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ 'ਤੇ ਵੀ ਧਾਰਾ 302 ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
- - - - - - - - - Advertisement - - - - - - - - -