Farmers Protest: ਲੰਬੇ ਸਮੇਂ ਤੋਂ ਕਿਸਾਨ ਪਟਿਆਲਾ ਵਿੱਚ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਰੋਸ ਧਰਨੇ 'ਤੇ ਬੈਠੇ ਸੀ। ਇਸ ਦੌਰਾਨ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ 'ਤੇ ਬੈਠੇ ਸੀ। ਬੀਤੀ ਰਾਤ ਉਨ੍ਹਾਂ ਨੂੰ ਪਟਿਆਲਾ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਸੂਬੇ ਭਰ ਵਿੱਚ ਭੜਕੇ ਹੋਏ ਕਿਸਾਨਾਂ ਵੱਲੋਂ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ।


ਬਠਿੰਡਾ ਤੋਂ ਅੰਮ੍ਰਿਤਸਰ ਜਾਣ ਵਾਲੇ ਨੈਸ਼ਨਲ ਹਾਈਵੇ ਉੱਪਰ ਕਿਸਾਨਾਂ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀ ਗਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਚਾਰ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਜਬਰਦਸਤੀ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਉਨ੍ਹਾਂ ਦਾ ਧਰਨਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ।


ਇਹ ਵੀ ਪੜ੍ਹੋ: Farmer Protest: ਕਿਸਾਨਾਂ ਦੇ ਧਰਨਿਆਂ 'ਤੇ ਪੁਲਿਸ ਦਾ ਐਕਸ਼ਨ ! ਜ਼ਬਰਦਸਤੀ ਚੁਕਵਾਏ ਧਰਨੇ, ਹਿਰਾਸਤ 'ਚ ਲਏ ਕਿਸਾਨ


ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਇਸੇ ਤਰੀਕੇ ਨਾਲ ਸੜਕਾਂ ਜਾਮ ਰਹਿਣਗੀਆਂ। ਧਰਨੇ ਤੋਂ ਬਾਅਦ ਹਾਲਾਂਕਿ ਅਜੇ ਤੱਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਮਾਮਲੇ ਦੇ ਨਿਪਟਾਰੇ ਲਈ ਕੋਈ ਮੁੱਖ ਕਦਮ ਨਹੀਂ ਚੁੱਕਿਆ ਗਿਆ। ਦੂਜੇ ਪਾਸੇ ਲੋਕ ਸੜਕਾਂ ਉੱਪਰ ਖੱਜਲ-ਖੁਆਰ ਹੋ ਰਹੇ ਹਨ। 


ਇਹ ਵੀ ਪੜ੍ਹੋ: Punjab News: ਧਰਨਾ ਚਕਵਾ ਕੇ ਮਾਨ ਸਰਕਾਰ ਨੇ ਲਿਆ ਪੰਗਾ ? ਕਿਸਾਨਾਂ ਦੇ ਨਾਲ ਖੜ੍ਹੇ ਹੋਏ ਸਿਆਸੀ ਵਿਰੋਧੀ !


ਧਰਨੇ ਕਾਰਨ ਕਈ ਕਿਲੋਮੀਟਰਾਂ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ ਲਈ ਆਖਰ ਕੌਣ ਜਿੰਮੇਵਾਰ ਹੈ, ਇਸ ਗੱਲ ਦਾ ਜਵਾਬ ਦਿੰਦਿਆਂ ਮਹਿਲਾ ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਤੱਕ ਸਾਡੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਨਹੀਂ ਹੋਵੇਗੀ, ਇਹ ਚੱਕਾ ਜਾਮ ਇਸੇ ਤਰੀਕੇ ਨਾਲ ਜਾਰੀ ਰਹੇਗਾ। ਇੱਥੇ ਮੁੱਖ ਜਿੰਮੇਵਾਰ ਪ੍ਰਸ਼ਾਸਨ ਤੇ ਸਰਕਾਰਾਂ ਹਨ ਜਿਨ੍ਹਾਂ ਵੱਲੋਂ ਅੱਜ ਤੱਕ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਤੋਂ ਮਾਫ਼ੀ ਮੰਗਦੇ ਹਾਂ ਕਿ ਉਨ੍ਹਾ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਪਰ ਸਾਡੀ ਮਜਬੂਰੀ ਹੈ।