Farmers Protest: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਤੇ ਹਰਿਆਣਾ ਦੇ ਵਸਨੀਕਾਂ ਨੂੰ ਕਿਸਾਨਾਂ ਦੇ ਧਰਨੇ ਨੂੰ 10 ਮਹੀਨੇ ਪੂਰੇ ਹੋਣ ‘ਤੇ ਵੱਡੀ ਗਿਣਤੀ ਵਿੱਚ ਖਨੌਰੀ ਤੇ ਸ਼ੰਭੂ ਸਰਹੱਦ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਪੰਧੇਰ ਨੇ ਖਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ, “ਮੈਂ ਪੰਜਾਬ ਤੇ ਹਰਿਆਣਾ ਦੇ ਵਸਨੀਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਪਹੁੰਚਣ ਕਿਉਂਕਿ ਸਾਡੇ ਵਿਰੋਧ ਪ੍ਰਦਰਸ਼ਨ ਨੂੰ 10 ਮਹੀਨੇ ਪੂਰੇ ਹੋ ਚੁੱਕੇ ਹਨ। ਸਰਕਾਰੀ ਏਜੰਸੀਆਂ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਹਰਿਆਣਾ ਦੇ ਸਾਂਸਦ ਰਾਮ ਚੰਦਰ ਜਾਂਗੜਾ ਪ੍ਰਦਰਸ਼ਨ ’ਤੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ ਤੇ ਮੈਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਣ ਜਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਆਪਣੀ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ।” ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਭਾਰਤ ਦੇ ਲੋਕਾਂ ਲਈ ਹੈ ਤੇ ਭਾਜਪਾ ਕਿਸਾਨਾਂ ਦੇ ਵਿਰੋਧ ਨੂੰ ਅਸਫਲ ਨਹੀਂ ਕਰ ਸਕਦੀ, ਭਾਰਤ ਦੇ ਲੋਕ ਸਭ ਤੋਂ ਵੱਡੇ ਹਨ।
ਆਗੂ ਨੇ ਕਿਹਾ ਕਿ ਭਾਜਪਾ ਭੁੱਲ ਰਹੀ ਹੈ ਕਿ ਉਹ ਕਿਸਾਨਾਂ ਦੇ ਧਰਨੇ ਨੂੰ ਅਸਫਲ ਨਹੀਂ ਕਰ ਸਕਦੀ, ਅਸੀਂ ਭਾਜਪਾ ਸਰਕਾਰ ਦਾ ‘ਕਾਲਾ ਚਿਹਰਾ’ ਦਿਖਾਵਾਂਗੇ। ਪੰਧੇਰ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਜੋ ਖੁੱਲ੍ਹਾ ਪੱਤਰ ਲਿਖਿਆ ਹੈ, ਉਸ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ ਹੈ। ਲੋਕ ਵੱਡੀ ਗਿਣਤੀ ’ਚ ਧਰਨੇ ‘ਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਭਾਜਪਾ ਸਰਕਾਰ ਹੋਰ ਵੀ ਚਿੰਤਤ ਹੈ… 101 ਕਿਸਾਨ ਦੇਸ਼ ਲਈ ਆਪਣੀ ਜਾਨ ਦੇਣ ਲਈ ਤਿਆਰ ਹਨ। ਸਰਕਾਰ ਦੇ ਇਸ ਤਸ਼ੱਦਦ ਦਾ ਅਸੀਂ ਸਬਰ ਨਾਲ ਲੜਾਂਗੇ।
ਇਸ ਤੋਂ ਪਹਿਲਾਂ 12 ਦਸੰਬਰ ਨੂੰ ਪੰਧੇਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਸ਼ੰਭੂ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ’ਤੇ ਗੱਲਬਾਤ ਲਈ ਕੇਂਦਰ ਤੋਂ ਕੋਈ ਪ੍ਰਸਤਾਵ ਨਹੀਂ ਮਿਲਿਆ। ਪੰਧੇਰ ਨੇ ਏਐਨਆਈ ਨੂੰ ਦੱਸਿਆ, “ਦਿੱਲੀ ਅੰਦੋਲਨ 2.0 ਨੂੰ ਸ਼ੁਰੂ ਹੋਏ 305 ਦਿਨ ਹੋ ਗਏ ਹਨ ਤੇ ‘ਅਮਰ ਅੰਨਸ਼ਨ’ ਨੂੰ ਸੱਤ ਦਿਨ ਹੋ ਗਏ ਹਨ।
ਉਧਰ, ਖਨੌਰੀ ਬਾਰਡਰ ਉਪਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ ਸ਼ੁੱਕਰਵਾਰ 18ਵਾਂ ਦਿਨ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਡੱਲੇਵਾਲ ਕੈਂਸਰ ਦੇ ਵੀ ਮਰੀਜ਼ ਹਨ। ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਮਾਹਿਰਾਂ ਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ। ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦਾ ਵਜ਼ਨ ਕਰੀਬ 12 ਕਿਲੋ ਘਟ ਗਿਆ ਹੈ। ਕਿਡਨੀ ਦੇ ਨੁਕਸਾਨ ਦਾ ਖਤਰਾ ਹੈ। ਇਸ ਤੋਂ ਇਲਾਵਾ ਉ ਦੇ ਲੀਵਰ ਨਾਲ ਵੀ ਸਮੱਸਿਆ ਹੋ ਸਕਦੀ ਹੈ।